ਲੜਕੀ ਨਾਲ ਛੇੜਛਾੜ: ਪੀੜਤ ਦੀ ਸੁਣਵਾਈ ਨਾ ਹੋਣ ਕਾਰਨ ਥਾਣੇ ਦਾ ਘਿਰਾਓ

ਥਾਣੇ ਦੇ ਘਿਰਾਓ ਤੋਂ ਬਾਅਦ ਜਾਗਿਆ ਪੁਲੀਸ ਪ੍ਰਸ਼ਾਸਨ, ਸੁਪਰਵਾਈਜ਼ਰ ਨੇ ਮੁਆਫ਼ੀ ਮੰਗੀ

ਝਾੜੂ ਵਾਲਿਆਂ ਦੀ ਸਰਕਾਰ ਵਿੱਚ ਮਜ਼ਦੂਰਾਂ ਦੀਆਂ ਬਹੂ-ਬੇਟੀਆਂ ਸੁਰੱਖਿਅਤ ਨਹੀਂ: ਕੁੰਭੜਾ

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਮਜ਼ਦੂਰ ਦੀ ਲੜਕੀ ਦੀ ਛੇੜਛਾੜ ਦੇ ਮਾਮਲੇ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਪੀੜਤ ਪਰਿਵਾਰ ਅਤੇ ਹੋਰਨਾਂ ਜਥੇਬੰਦੀਆਂ ਨੇ ਐਸਸੀ\ਬੀਸੀ ਮਹਾ ਪੰਚਾਇਤ ਪੰਜਾਬ ਦੀ ਅਗਵਾਈ ਹੇਠ ਫੇਜ਼-1 ਥਾਣੇ ਦਾ ਘਿਰਾਓ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਥਾਣੇ ਦੇ ਘਿਰਾਓ ਸਬੰਧੀ ਹਫ਼ਤਾ ਪਹਿਲਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਪੁਲੀਸ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਪੁਲੀਸ ਦੀ ਅਣਦੇਖੀ ਦੇ ਚੱਲਦਿਆਂ ਅੱਜ ਪੀੜਤ ਲੜਕੀ ਦੇ ਅਪਾਹਜ ਪਿਤਾ, ਪਬਲਿਕ ਪਖਾਨੇ ਦੇ ਸਫ਼ਾਈ ਕਰਮਚਾਰੀ ਰਿਸ਼ੀਰਾਜ ਮਹਾਰ, ਦੀਪ ਫ਼ਰਿਆਦ ਅਤੇ ਐਸੀ\ਬੀਸੀ ਮਹਾ ਪੰਚਾਇਤ ਸਮੇਤ ਹੋਰਨਾਂ ਜਥੇਬੰਦੀਆਂ ਦੇ ਮੈਂਬਰਾਂ ਨੇ ਥਾਣੇ ਦਾ ਘਿਰਾਓ ਕਰਕੇ ਗੇਟ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ।
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਬੀਤੀ 30 ਅਗਸਤ ਨੂੰ ਫੇਜ਼-5 ਦੇ ਪਖਾਨੇ ’ਤੇ ਡਿਊਟੀ ਕਰ ਰਹੀ ਸੀ ਤਾਂ ਸੁਪਰਵਾਈਜ਼ਰ ਸਨੀ ਕੁਮਾਰ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਰੀਰਕ ਸਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ। ਲੜਕੀ ਵੱਲੋਂ ਇਨਕਾਰ ਕਰਨ ’ਤੇ ਉਸ ਨੂੰ ਕੰਮ ਤੋਂ ਹਟਾਉਣ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਗਰੋਂ ਬੀਤੀ 3 ਸਤੰਬਰ ਨੂੰ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤ ਦਿੱਤੀ ਲੇਕਿਨ ਪੁਲੀਸ ਨੇ ਪੀੜਤ ਪਰਿਵਾਰ ਦੀ ਗੱਲ ਨਹੀਂ ਸੁਣੀ।
ਐਸਸੀ\ਬੀਸੀ ਮਹਾਂ ਪੰਚਾਇਤ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਵਿੱਚ ਝਾੜੂ ਆਲਿਆਂ ਦੀ ਸਰਕਾਰ ਵਿੱਚ ਮਜ਼ਦੂਰ ਅੌਰਤਾਂ ਸੁਰੱਖਿਅਤ ਨਹੀਂ ਹਨ। ਆਏ ਦਿਨ ਉਨ੍ਹਾਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਜਦੋਂ ਪੀੜਤਾਂ ਅਤੇ ਦਲਿਤ ਸੰਗਠਨਾਂ ਨੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਤਾਂ ਐਸਐਚਓ ਜਗਦੀਪ ਸਿੰਘ ਨੇ ਮੌਕਾ ਸੰਭਾਲਦਿਆਂ ਸੁਪਰਵਾਈਜ਼ਰ ਸਨੀ ਕੁਮਾਰ ਨੂੰ ਉੱਥੇ ਸੱਦਿਆ ਗਿਆ ਅਤੇ ਲੋਕਾਂ ਦੇ ਸਾਹਮਣੇ ਪੀੜਤ ਲੜਕੀ ਅਤੇ ਉਸਦੇ ਪਿਤਾ ਤੋਂ ਲਿਖਤੀ ਮੁਆਫ਼ੀ ਮੰਗਵਾਈ ਗਈ। ਇਸ ਮਗਰੋਂ ਸਫ਼ਾਈ ਠੇਕੇਦਾਰ ਨੇ ਸਨੀ ਕੁਮਾਰ ਨੂੰ ਸੁਪਰਵਾਈਜ਼ਰੀ ਤੋਂ ਹਟਾਉਣ ਦਾ ਭਰੋਸਾ ਦਿੱਤਾ। ਸੁਪਰਵਾਈਜ਼ਰ ਵੱਲੋਂ ਮੁਆਫ਼ੀ ਮੰਗਣ ’ਤੇ ਧਰਨਾ ਖ਼ਤਮ ਕੀਤਾ ਅਤੇ ਥਾਣਾ ਮੁਖੀ ਦਾ ਧੰਨਵਾਦ ਕੀਤਾ। ਧਰਨੇ ਨੂੰ ਹਰਚੰਦ ਸਿੰਘ ਜਖਵਾਲੀ, ਸ਼ਵਿੰਦਰ ਸਿੰਘ ਲੱਖੋਵਾਲ, ਪ੍ਰਿੰਸੀਪਲ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਰਿਸ਼ੀਰਾਜ ਮਹਾਰ ਨੇ ਸੰਬੋਧਨ ਕੀਤਾ।
ਇਸ ਮੌਕੇ ਪ੍ਰਧਾਨ ਦੌਲਤ ਰਾਮ, ਸਿਮਰਨਜੀਤ ਸ਼ੈਂਕੀ, ਸੁਰਜੀਤ ਸਿੰਘ ਜਖਵਾਲੀ, ਨੰਬਰਦਾਰ ਗੰਢਾ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ, ਅਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਮੁਨੇ ਸਿੰਘ, ਰਣਜੀਤ ਕੌਰ, ਸੁਨੈਨਾ, ਜੈਪਾਲ, ਵੀਨਾ, ਰੋਹਿਤ, ਕੱਲੂ, ਰੀਨਾ, ਗੁੱਡੀ, ਬਾਲਾ ਦੇਵੀ, ਸੁਮਨ, ਸੁਸ਼ੀਲ, ਪੂਜਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ

ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ ਲੋੜਵੰਦਾਂ ਦੀ ਸੁਵਿਧਾ ਲਈ …