
ਬੈਸਟੈੱਕ ਟਾਵਰ ਦੇ ਤਕਨੀਕੀ ਸਲਾਹਕਾਰ ਤੋਂ ਬਾਅਦ ਪ੍ਰੇਮਿਕਾ ਨੇ ਵੀ ਕੀਤੀ ਖ਼ੁਦਕੁਸ਼ੀ
ਪਹਿਲਾਂ ਗੁੜਗਾਓ ਵਿੱਚ ਵੀ ਇਕੱਠੇ ਹੀ ਇੱਕੋ ਕੰਪਨੀ ’ਚ ਕਰਦੇ ਸੀ ਨੌਕਰੀ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਇੱਥੋਂ ਦੇ ਸੈਕਟਰ-66 ਸਥਿਤ ਨਾਮੀ ਆਈਟੀ ਕੰਪਨੀ ਬੈਸਟੈੱਕ ਟਾਵਰ ਦੇ ਤਕਨੀਕੀ ਸਲਾਹਕਾਰ ਸਾਹਿਲ ਕੁਮਾਰ (22) ਦੀ ਮੌਤ ਤੋਂ ਬਾਅਦ ਅੱਜ ਸਵੇਰੇ ਉਸ ਦੀ ਪ੍ਰੇਮਿਕਾ ਪ੍ਰੱਗਿਆ (26) ਨੇ ਵੀ ਪੀਜੀ ਹਾਊਸ ਦੀ ਛੱਤ ’ਤੇ ਲੋਹੇ ਦੀ ਪੌੜੀ ਨਾਲ ਚੂੰਨੀ ਦਾ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਬੁੱਧਵਾਰ ਦੇਰ ਸ਼ਾਮ ਸਾਹਿਲ ਨੇ ਪੀਜੀ ਦੀ ਛੱਤ ’ਤੇ ਚੜ ਕੇ ਲੱਕੜ ਦੀ ਪੌੜੀ ਨਾਲ ਚਾਦਰ ਦਾ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰੱਗਿਆ ਵੀ ਉਕਤ ਕੰਪਨੀ ਵਿੱਚ ਨੌਕਰੀ ਕਰਦੀ ਸੀ। ਸਾਹਿਲ ਕੁਰੂਕਸ਼ੇਤਰ (ਹਰਿਆਣਾ) ਅਤੇ ਪ੍ਰੱਗਿਆ ਜਮਸ਼ੇਦਪੁਰ (ਝਾਰਖੰਡ) ਦੀ ਰਹਿਣ ਵਾਲੀ ਸੀ। ਇਹ ਦੋਵੇਂ ਇੱਥੋਂ ਦੇ ਫੇਜ਼-11 ਵਿੱਚ ਵੱਖੋ-ਵੱਖਰੇ ਪੀਜੀ ਵਿੱਚ ਰਹਿੰਦੇ ਸੀ।
ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਏਐਸਆਈ ਨਿਰਮਲ ਸਿੰਘ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ ਹੈ ਅਤੇ ਮ੍ਰਿਤਕ ਨੌਜਵਾਨ ਅਤੇ ਲੜਕੀ ਦੇ ਮਾਪਿਆਂ ਨੂੰ ਇਤਲਾਹ ਦੇ ਦਿੱਤੀ ਹੈ। ਪੁਲੀਸ ਦੇ ਦੱਸਣ ਅਨੁਸਾਰ ਸਾਹਿਲ ਅਤੇ ਪ੍ਰੱਗਿਆ ਇਕ ਦੂਜੇ ਨੂੰ ਪਿਆਰ ਕਰਦੇ ਸੀ। ਉਨ੍ਹਾਂ ਦੀ ਮੁਲਾਕਾਤ ਗੁੜਗਾਓ ਵਿੱਚ ਹੋਈ ਸੀ। ਉਹ ਉੱਥੇ ਇਕੋ ਕੰਪਨੀ ਵਿੱਚ ਨੌਕਰੀ ਸੀ ਅਤੇ ਵਿਆਹ ਕਰਵਾਉਣਾ ਚਾਹੁੰਦੇ ਸੀ। ਦੋਵਾਂ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਵਿਆਹ ਕਰਵਾਉਣ ਤੋਂ ਕੋਈ ਇਤਰਾਜ਼ ਨਹੀਂ ਸੀ। ਮਿਲੀ ਜਾਣਕਾਰੀ ਅਨੁਸਾਰ ਪ੍ਰੱਗਿਆ ਅਕਸਰ ਸਾਹਿਲ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਖ਼ਰਕਾਰ ਦੋਵੇਂ ਨੇ ਖ਼ੁਦਕੁਸ਼ੀ ਕਰਨ ਦਾ ਰਾਹ ਕਿਉਂ ਚੁਣਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਹਿਲ ਦੀ ਮੌਤ ਬਾਰੇ ਪੁਲੀਸ ਨੂੰ ਬੀਤੇ ਕੱਲ੍ਹ ਦੇਰ ਸ਼ਾਮ ਕਰੀਬ ਸਾਢੇ 7 ਵਜੇ ਸੂਚਨਾ ਮਿਲੀ ਸੀ ਜਦੋਂਕਿ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤਾਂ ਸਾਹਿਲ ਨੇ ਪੀਜੀ ਇਮਾਰਤ ਦੀ ਛੱਤ ’ਤੇ ਲੱਕੜ ਵਾਲੀ ਪੌੜੀ ਨਾਲ ਫਾਹਾ ਲਿਆ ਹੋਇਆ ਸੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਅਨੁਸਾਰ ਸਾਹਿਲ ਆਪਣੇ ਕਮਰੇ ’ਚੋਂ ਚਾਦਰ ਲੈ ਕੇ ਛੱਤ ’ਤੇ ਜਾਂਦਾ ਦਿਖਾਈ ਦੇ ਰਿਹਾ ਹੈ। ਉਸ ਨਾਲ ਕੰਪਨੀ ਵਿੱਚ ਨੌਕਰੀ ਕਰਦੇ ਸਾਥੀ ਕਰਮਚਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਹਫ਼ਤਾਵਰੀ ਛੁੱਟੀ ਹੋਣ ਕਾਰਨ ਸਾਹਿਲ ਪੀਜੀ ਰੂਮ ਵਿੱਚ ਹੀ ਸੀ ਜਦੋਂਕਿ ਪ੍ਰੱਗਿਆ ਨੇ ਅੱਜ ਡਿਊਟੀ ’ਤੇ ਜਾਣ ਤੋਂ ਪਹਿਲਾਂ ਹੀ ਸਵੇਰੇ ਕਰੀਬ ਸਾਢੇ 6 ਵਜੇ ਪੀਜੀ ਦੀ ਛੱਤ ’ਤੇ ਲੋਹੇ ਦੀ ਪੌੜੀ ਨਾਲ ਚੂੰਨੀ ਦਾ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਤੇ ਲੜਕੀ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।