nabaz-e-punjab.com

ਜ਼ਿਲ੍ਹਾ ਮੁਹਾਲੀ ਦੇ 46 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 4459 ਵਿਦਿਆਰਥਣਾਂ ਮੁਫ਼ਤ ਸਾਈਕਲ ਵੰਡੇ: ਡੀਸੀ

ਮਾਈ ਭਾਗੋ ਵਿੱਦਿਆ ਸਕੀਮ ਤਹਿਤ 11ਵੀਂ ਤੇ 12ਵੀਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਵੰਡੇ ਜਾ ਰਹੇ ਹਨ ਸਾਈਕਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 46 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਚਾਲੂ ਵਿੱਤੀ ਸਾਲ 2018-19 ਦੌਰਾਨ 4459 ਸਾਈਕਲ ਵੰਡੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਵਿੱਦਿਆ ਸਕੀਮ ਤਹਿਤ 11ਵੀਂ ਅਤੇ 12ਵੀਂ ਜਮਾਤ ਦੀਆਂ ਲੜਕੀਆਂ ਨੂੰ ਸਾਈਕਲ ਦੇਣ ਦਾ ਮਕਸਦ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਲੜਕੀਆਂ ਨੂੰ ਆਉਣ-ਜਾਣ ਵਿੱਚ ਪੇਸ਼ ਆਉਂਦੀਆਂ ਦਿੱਕਤਾਂ ਨੂੰ ਦੂਰ ਕਰਨਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਬਿਨਾਂ ਕਿਸੇ ਮੁਸ਼ਕਿਲ ਦੇ ਜਾਰੀ ਰੱਖ ਸਕਣ।
ਡੀਸੀ ਸ੍ਰੀਮਤੀ ਸਪਰਾ ਨੇ ਦੱਸਿਆ ਕਿ ਲੜਕੀਆਂ ਵੱਲੋਂ ਉੱਚ ਸਿੱਖਿਆ ਹਾਸਲ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਵਿੱਦਿਅਕ ਸੰਸਥਾਵਾਂ ਤੋਂ ਦੂਰੀ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਇਕ ਉਦੇਸ਼ ਜਿਥੇ ਸਕੂਲਾਂ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਧਾਉਣਾ ਹੈ ਉਥੇ ਲੜਕੀਆਂ ਦੀ ਸਿੱਖਿਆ ਦਰ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣਾ ਵੀ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ-ਲਿਖਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੜਕੇ ਅਤੇ ਲੜਕੀਆਂ ਨੂੰ ਇਕੋ ਜਿਹੇ ਮੌਕੇ ਪ੍ਰਦਾਨ ਕਰ ਕੇ ਹੀ ਲਿੰਗ ਭੇਦ ਨੂੰ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਕ ਅੌਰਤ ਸਿੱਖਿਅਤ ਹੋ ਜਾਂਦੀ ਹੈ ਤਾਂ ਸਾਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ ਅਤੇ ਇਕ ਸਿੱਖਿਅਤ ਅੌਰਤ ਆਪਣੇ ਪਰਿਵਾਰ ਲਈ ਬਿਹਤਰ ਭਵਿੱਖ ਨੂੰ ਯਕੀਨੀ ਬਣਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਬਲਾਕ ਖਰੜ-1 ਵਿੱਚ 479, ਸਿੱਖਿਆ ਬਲਾਕ ਖਰੜ-2 ਵਿੱਚ 394, ਸਿੱਖਿਆ ਬਲਾਕ ਖਰੜ-3 ਵਿੱਚ 1068, ਸਿੱਖਿਆ ਬਲਾਕ ਡੇਰਾਬੱਸੀ-1 ਵਿੱਚ 660, ਸਿੱਖਿਆ ਬਲਾਕ ਡੇਰਾਬੱਸੀ-2 ਵਿੱਚ 604, ਸਿੱਖਿਆ ਬਲਾਕ ਬਨੂੜ ਵਿੱਚ 326, ਸਿੱਖਿਆ ਬਲਾਕ ਕੁਰਾਲੀ ਵਿੱਚ 562 ਅਤੇ ਸਿੱਖਿਆ ਬਲਾਕ ਮਾਜਰੀ ਵਿੱਚ 366 ਸਾਈਕਲ ਵੰਡੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…