Nabaz-e-punjab.com

ਕੁੜੀਆਂ ਨੂੰ ਸਮਾਜ ਵਿੱਚ ਮੁੰਡਿਆਂ ਵਾਂਗ ਬਰਾਬਰ ਮੌਕੇ ਤੇ ਅਹਿਮੀਅਤ ਦੇਣ ਦੀ ਲੋੜ: ਸਿੱਧੂ

ਸਿਹਤ ਵਿਭਾਗ ਨੇ ਪਿੰਡ ਮਨੌਲੀ ਵਿੱਚ ਕਰਵਾਇਆ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਜ਼ਿਲ੍ਹਾ ਪੱਧਰੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
‘ਅਜੋਕੇ ਆਧੁਨਿਕ ਯੁੱਗ ਵਿੱਚ ਅਜਿਹਾ ਕੋਈ ਖੇਤਰ ਨਹੀਂ ਬਚਿਆ ਹੈ, ਜਿਸ ਵਿੱਚ ਕੁੜੀਆਂ ਨੇ ਵੱਡੀਆਂ ਮੱਲ੍ਹਾਂ ਨਾ ਮਾਰੀਆਂ ਹੋਣ। ਕਈ ਖੇਤਰਾਂ ਵਿੱਚ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਕਾਫੀ ਅੱਗੇ ਲੰਘ ਗਈਆਂ ਹਨ। ਇਸ ਲਈ ਅਜੋਕੇ ਮਨੁੱਖ ਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਚਾਹੀਦਾ ਹੈ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਬਰਾਬਰ ਮੌਕੇ ਅਤੇ ਅਹਿਮੀਅਤ ਦੇਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਨਜ਼ਦੀਕੀ ਪਿੰਡ ਮਨੌਲੀ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਿਸ਼ੇ ’ਤੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੋਕੇ ਸਮੇਂ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਆਇਆ ਹੈ ਅਤੇ ਅੌਰਤਾਂ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਪ੍ਰੰਤੂ ਹਾਲੇ ਵੀ ਕੁਝ ਪਰਿਵਾਰ ਆਪਣੀ ਸੌੜੀ ਅਤੇ ਪਿਛਾਂਹ ਖਿੱਚੂ ਸੋਚ ਸਦਕਾ ਕੁੜੀਆਂ ਨੂੰ ਮੁੰਡਿਆਂ ਵਾਂਗ ਸਤਿਕਾਰ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ ਅਤੇ ਨਵੇਂ ਜ਼ਮਾਨੇ ਦੀ ਨਵੀਂ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਅੌਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਸਮਾਜ ਦੇ ਚੌਤਰਫ਼ਾ ਵਿਕਾਸ ਅਤੇ ਖ਼ੁਸ਼ਹਾਲੀ ਲਈ ਜਿੱਥੇ ਅੱਜ ਬੇਟੀ ਨੂੰ ਬਚਾਉਣਾ ਜ਼ਰੂਰੀ ਹੈ, ਉੱਥੇ ਬੇਟੀ ਨੂੰ ਪੜ੍ਹਾਉਣਾ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਵੱਖ-ਵੱਖ ਉੱਚ ਅਹੁਦਿਆਂ ’ਤੇ ਅੌਰਤ ਅਫ਼ਸਰ ਬਿਰਾਜਮਾਨ ਹਨ। ਇਸ ਲਈ ਪਰਿਵਾਰਾਂ ਨੂੰ ਲੜਕੀਆਂ ਨੂੰ ਆਪਣੇ ’ਤੇ ਬੋਝ ਨਹੀਂ ਸਮਝਦਾ ਚਾਹੀਦਾ, ਸਗੋਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਦੇ ਕੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਰੀਟਾ ਭਾਰਦਵਾਜ ਨੇ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਬਾਲੜੀ ਰੱਖਿਆ ਯੋਜਨਾ, ਸ਼ਗਨ ਸਕੀਮ, ਜਨਨੀ-ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੜਕੀਆਂ ਅੱਜ ਮਾਪਿਆਂ ਉੱਤੇ ਕਿਸੇ ਵੀ ਤਰ੍ਹਾਂ ਨਾਲ ਬੋਝ ਨਹੀਂ ਹਨ। ਕਿਉਂਕਿ ਉਨ੍ਹਾਂ ਦੇ ਜਨਮ ਤੋਂ ਪਹਿਲਾਂ, ਜਨਮ ਦੌਰਾਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਸਿਹਤ, ਸਿੱਖਿਆ ਅਤੇ ਅੌਰਤ ਦੇ ਜਣੇਪੇ ’ਤੇ ਹੋਣ ਵਾਲਾ ਖ਼ਰਚਾ ਸਰਕਾਰ ਕਰ ਰਹੀ ਹੈ।
ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ ਡਰਾਇੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਮੰਤਰੀ ਨੇ ਗਿੱਧਾ ਪੇਸ਼ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਦੀ ਟੀਮ ਨੂੰ ਆਪਣੇ ਵੱਲੋਂ 3100 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਹੋਰ ਵੱਖ ਵੱਖ ਮੁਕਾਬਲਿਆਂ ਦੀਆਂ ਜੇਤੂ ਬੱਚੀਆਂ ਨੂੰ ਵੀ ਇਨਾਮ ਵੰਡੇ। ਵਿਦਿਆਰਥਣਾਂ ਨੂੰ ਸਕੂਲੀ ਬੈਗ, ਪਾਣੀ ਦੀਆਂ ਬੋਤਲਾਂ, ਨੋਟਬੁੱਕਾਂ, ਸਟੇਸ਼ਨਰੀ ਦੇ ਤੋਹਫ਼ੇ ਵੀ ਦਿੱਤੇ ਗਏ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜੋਰਾ ਸਿੰਘ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਗੁਰਧਿਆਨ ਸਿੰਘ ਦੁਰਾਲੀ, ਡਿਪਟੀ ਡਾਇਰੈਕਟਰ ਡਾ. ਮੁਕੇਸ਼ ਸੋਂਧੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿੱਧੀ, ਐਸਐਮਓ ਡਾ. ਕੁਲਜੀਤ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਹਰਭਿੰਦਰ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਪੀਐਨਡੀਟੀ ਕੋਆਰਡੀਨੇਟਰ ਰਿਤੂ ਸਿੰਘ ਸੋਹੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…