Share on Facebook Share on Twitter Share on Google+ Share on Pinterest Share on Linkedin ਗਰਲਜ਼ ਰਾਈਸ ਫ਼ਾਰ ਮੁਹਾਲੀ ਨੇ ਨੈਸ਼ਨਲ ਗਰਲਜ਼ ਚਾਈਲਡ ਡੇਅ ਮਨਾਇਆ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਵਿਦਿਆਰਥਣਾਂ ਤੇ ਅੌਰਤਾਂ ਦਾ ਸਨਮਾਨ ਭਾਰਤ ਵਿੱਚ ਨਹੀਂ ਵਿਦੇਸ਼ਾਂ ’ਚ ਹੁੰਦੀ ਐ ਅੌਰਤਾਂ ਨਾਲ ਵਧੀਕੀਆਂ: ਮਿਸ ਮੀਆ ਯੈੱਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ: ਅੌਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸੰਸਥਾ ਗਰਲਜ਼ ਰਾਈਸ ਫ਼ਾਰ ਮੁਹਾਲੀ ਵੱਲੋਂ ਕਮਿਊਨਿਟੀ ਆਫ਼ ਐਡਵੋਕੇਟ ਫ਼ਾਰ ਜੈਂਡਰ ਇੰਮਪਾਵਰਮੈਂਟ (ਸੀਏਜੀਈ) ਅਤੇ ਸਟੇਟ ਬੈਂਕ ਆਫ਼ ਇੰਡੀਆ ਮੁਹਾਲੀ ਦੇ ਸਹਿਯੋਗ ਨਾਲ ਇੱਥੋਂ ਦੇ ਗਿਆਨ ਜੋਤੀ ਇੰਸਟੀਚਿਊਟ ਫੇਜ਼-2 ਵਿੱਚ ਨੈਸ਼ਨਲ ਗਰਲਜ਼ ਚਾਈਲਡ ਡੇਅ ਮਨਾਇਆ ਗਿਆ। ਮੁੱਖ ਮਹਿਮਾਨ ਕੈਨੇਡਾ ਹਾਈ ਕਮਿਸ਼ਨ ਦੀ ਜਨਰਲ ਕੌਂਸਲ ਦੀ ਮੈਂਬਰ ਮਿਸ ਮੀਆ ਯੈੱਨ ਨੇ ਸਮਾਰੋਹ ਦਾ ਉਦਘਾਟਨ ਕੀਤਾ ਜਦੋਂਕਿ ਪ੍ਰਧਾਨਗੀ ਸੰਸਥਾ ਦੀ ਮੁਖੀ ਉਪਿੰਦਰਪ੍ਰੀਤ ਕੌਰ ਗਿੱਲ ਨੇ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਅੌਰਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਹਾਲ ਹੀ ਵਿੱਚ ਚੁਣੀ ਗਈ ਮੁਹਾਲੀ ਦੀ ਹਰਲੀਨ ਦਿਉਲ, ਰੰਗਕਰਮੀ ਅਨੀਤਾ ਸ਼ਬਦੀਸ਼ ਤੇ ਅਦਾਕਾਰਾ ਸਤਵਿੰਦਰ ਕੌਰ ਸੈਵੀ, ਸਾਈਕਲਗਿਰੀ ਗਰੁੱਪ ਦੀ ਮੈਂਬਰ ਡਾ. ਸੁਨੈਨਾ ਬਾਂਸਲ, ਫਿਟਨੈੱਸ ਮਾਹਰ ਸਾਹਿਬਾ ਜੇ ਸਿੰਘ, ਜਿਮਨਾਸਟਿਕ ਚੈਂਪੀਅਨ ਗੁਰਨੂਰ ਕੌਰ, ਫਿਊਚਰ ਹਾਈਟੈੱਕ ਦੀ ਡਾਇਰੈਕਟਰ ਗਗਨਦੀਪ ਕੌਰ, ਗਲੋਬਲ ਸਿਟੀਜ਼ਨ ਅਨੰਨਿਆ ਕੰਬੋਜ, ਡਾ. ਪੂਨਮ ਸ਼ਰਮਾ ਤੇ ਜਗਦੀਪ ਕੌਰ ਸ਼ਾਮਲ ਹਨ। ਇਸ ਮੌਕੇ ਮਿਸ ਮੀਆ ਯੈੱਨ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅੌਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਹੱਕ ਦਿਵਾਉਣ ਲਈ ਹਰੇਕ ਨਾਗਰਿਕ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਕੱਲੇ ਭਾਰਤ ਵਿੱਚ ਹੀ ਅੌਰਤਾਂ ਨਾਲ ਵਧੀਕੀਆਂ ਨਹੀਂ ਹੁੰਦੀਆਂ ਹਨ ਸਗੋਂ ਵਿਦੇਸ਼ੀ ਮੁਲਕਾਂ ਵਿੱਚ ਅੌਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਮਹੱਤਤਾ ਦਿੱਤੀ ਜਾਂਦੀ ਹੈ, ਜੋ ਕਿ ਬਹੁਤ ਹੀ ਗੰਭੀਰ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ, ਬਸ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਅੌਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਸਮਾਜਿਕ ਪਰਿਵਰਤਨ ਲਈ ਪੁਰਸ਼ਾਂ ਦੀ ਸੋਚ ਨੂੰ ਬਦਲਿਆ ਜਾ ਸਕੇ। ਉਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ 21ਵੀਂ ਸਦੀ ਵਿੱਚ ਵੀ ਅੌਰਤਾਂ ਨਾਲ ਸਦੀਆਂ ਪੁਰਾਣਾ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਇਹ ਸਮਝਿਆ ਜਾਂਦਾ ਹੈ ਕਿ ਕੁਝ ਖੇਤਰ ਅਜਿਹੇ ਹਨ, ਜਿਨ੍ਹਾਂ ਵਿੱਚ ਅੌਰਤਾਂ ਕੰਮ ਨਹੀਂ ਕਰ ਸਕਦੀਆਂ ਪ੍ਰੰਤੂ ਇਹ ਲੋਕਾਂ ਦਾ ਬਹੁਤ ਵੱਡਾ ਭਰਮ ਹੈ। ਉਨ੍ਹਾਂ ਅੌਰਤਾਂ ਨੂੰ ਆਪਣੇ ਸੁਨਹਿਰੀ ਭਵਿੱਖ ਅਤੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣ ਲਈ ਪ੍ਰੇਰਿਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐਸ ਬੇਦੀ ਨੇ ਕਿਹਾ ਕਿ ਅੱਜ ਦੇ ਪੜੇ ਲਿਖੇ ਮਾਪੇ ਵੀ ਬੇਟੀਆਂ ਨੂੰ ਆਪਣੇ ਉੱਤੇ ਬੋਝ ਸਮਝਦੇ ਹਨ ਅਤੇ ਜ਼ਿਆਦਾਤਰ ਲੋਕ ਆਪਣੀਆਂ ਧੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਥਾਂ ਉਨ੍ਹਾਂ ਦੇ ਵਿਆਹ ’ਤੇ ਵੱਧ ਪੈਸਾ ਖ਼ਰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜੋਕੇ ਸਮੇਂ ਵਿੱਚ ਅੌਰਤਾਂ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਸਟੇਟ ਬੈਂਕ ਆਫ਼ ਇੰਡੀਆ ਦੇ ਜ਼ੋਨਲ ਮੈਨੇਜਰ ਸੁਮਿੱਤ ਕੁਮਾਰ ਰੋਆਏ ਨੇ ਕਿਹਾ ਕਿ ਸਾਨੂੰ ਆਪਣੀਆਂ ਬੇਟੀਆਂ ਦਾ ਜਨਮ ਦਿਨ ਵੀ ਪੁੱਤਰਾਂ ਦੇ ਜਨਮ ਦਿਨ ਵਾਂਗ ਖ਼ੁਸ਼ੀਆਂ ਨਾਲ ਮਨਾਉਣੇ ਚਾਹੀਦੇ ਹਨ। ਅੌਰਤਾਂ ਸ਼ੁਰੂ ਤੋਂ ਹੀ ਪੁਰਸ਼ ਪ੍ਰਧਾਨ ਸਮਾਜ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਹਰੇਕ ਵਿਅਕਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਅੌਰਤਾਂ ਦੀ ਸੁਰੱਖਿਆ ਅਤੇ ਬਰਾਬਰਤਾ ਲਈ ਜਾਗਰੂਕਤਾ ਫੈਲਾਈ ਜਾਵੇ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ ਅਤੇ ਸੁਰਜੀਤ ਕੌਰ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ