ਪਾਵਰਕੌਮ ਸੀਐੱਚਬੀ ਠੇਕਾ ਮੁਲਾਜ਼ਮਾਂ ਨੇ ਕਿਰਤ ਕਮਿਸ਼ਨਰ ਨੂੰ ਸੰਘਰਸ਼ ਵਿੱਢਣ ਲਈ ਨੋਟਿਸ ਦਿੱਤਾ

ਠੇਕਾ ਮੁਲਾਜ਼ਮ 30 ਜਨਵਰੀ ਨੂੰ ਆਪਣੇ ਪਰਿਵਾਰਾਂ ਸਣੇ ਕਰਨਗੇ ਕਿਰਤ ਵਿਭਾਗ ਦੇ ਦਫ਼ਤਰ ਦਾ ਘਿਰਾਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਪਾਵਰਕੌਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂਆਂ ਨੇ ਪਿਛਲੇ ਕਾਫੀ ਸਮੇਂ ਤੋਂ ਲਮਕ ਰਹੀਆਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣ ਲਈ ਅੱਜ ਕਿਰਤ ਕਮਿਸ਼ਨਰ ਨੂੰ ਨੋਟਿਸ ਦਿੱਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਪਰਮਿੰਦਰ ਸਿੰਘ, ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਕਿਰਤ ਕਮਿਸ਼ਨਰ ਪੰਜਾਬ ਨੂੰ ਪਾਵਰਕੌਮ ਨਾਲ ਸਬੰਧਤ ਮੰਗਾਂ ਲਈ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਹਨ ਲੇਕਿਨ ਹੁਣ ਤੱਕ ਸੁਣਵਾਈ ਨਹੀਂ ਹੋਈ। ਇਹੀ ਨਹੀਂ ਛੇ ਮਹੀਨੇ ਤੋਂ ਰੂਪਨਗਰ ਸਰਕਲ, ਬਰਨਾਲਾ ਸਰਕਲ, ਡਵੀਜ਼ਨ ਜਲਾਲਾਬਾਦ, ਮੁਕਤਸਰ ਸਾਹਿਬ ਸਮੇਤ ਕਈ ਹੋਰ ਥਾਵਾਂ ’ਤੇ ਠੇਕਾ ਮੁਲਾਜ਼ਮਾਂ ਨੂੰ ਪਾਵਰਕੌਮ ਵੱਲੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ।
ਆਗੂਆਂ ਨੇ ਕਿਹਾ ਕਿ ਨਿਯਮਾਂ ਤਹਿਤ ਕਿਸੇ ਵੀ ਕਾਮੇ ਨੂੰ ਕੰਮ ਤੋਂ ਹਟਾਉਣ ਲਈ ਇਕ ਮਹੀਨੇ ਦਾ ਨੋਟਿਸ ਦੇਣਾ ਬਣਦਾ ਹੈ ਪ੍ਰੰਤੂ ਕਿਸੇ ਵੀ ਸੀਐੱਚਬੀ ਠੇਕਾ ਮੁਲਾਜ਼ਮ ਨੂੰ ਨੋਟਿਸ ਨਹੀਂ ਦਿੱਤਾ ਜਾਂਦਾ ਅਤੇ ਉੱਚ ਅਧਿਕਾਰੀ ਆਪਣੇ ਚਹੇਤੇ ਨੂੰ ਡਿਊਟੀ ’ਤੇ ਲਗਾ ਦਿੰਦੇ ਹਨ। ਜਿਹੜੇ ਕਾਮੇ ਪਿਛਲੇ 5-10 ਸਾਲ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦੇ ਘਰਾਂ ਦੇ ਚੱੁਲੇ੍ਹ ਠੰਢੇ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਰਤ ਕਮਿਸ਼ਨਰ ਅਤੇ ਰਾਜ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਪਾਵਰਕੌਮ/ਸਬੰਧਤ ਆਊਟਸੋਰਸਿਜ਼ ਕੰਪਨੀਆਂ ਦੇ ਅਧਿਕਾਰੀਆਂ ਦੀ ਅਣਗਹਿਲੀਆਂ ਕਾਰਨ ਕਿਸੇ ਵੀ ਕਾਮੇ ਨੂੰ ਪੰਜਾਬ ਵਿੱਚ ਸਕਿੱਲਡ ਰੇਟ ਨਹੀਂ ਦਿੱਤਾ ਜਾ ਰਿਹਾ ਹੈ। ਜਦੋਂਕਿ ਵਰਕ ਆਰਡਰ ਵਿੱਚ ਸ਼ਰਤ ਰੱਖੀ ਗਈ ਹੈ ਕਿ ਉਦੋਂ ਤੱਕ ਸਬੰਧਤ ਆਉਟਸੋਰਸਿਜ਼ ਕੰਪਨੀ ਦਾ ਬਿੱਲ ਪਾਸ ਨਹੀਂ ਕੀਤਾ ਜਾਵੇਗਾ ਜਦੋਂ ਠੇਕੇਦਾਰ/ਕੰਪਨੀ ਠੇਕਾ ਮੁਲਾਜ਼ਮਾਂ ਨੂੰ ਬਣਦੀ ਪੂਰੀ ਤਨਖ਼ਾਹ (ਸਕਿੱਲਡ) ਰੇਟ ਲਾਗੂ ਨਹੀਂ ਕਰਦੀ, ਈਪੀਐਫ਼ ਅਤੇ ਈਐਸਆਈ ਦਾ ਵੀ ਹਿਸਾਬ ਨਹੀਂ ਦਿੱਤਾ ਜਾਂਦਾ ਹੈ।
ਆਗੂਆਂ ਨੇ ਦੱਸਿਆ ਕਿ ਡਿਊਟੀ ਦੌਰਾਨ ਬਿਜਲੀ ਕਰੰਟ ਲੱਗਣ ਕਾਰਨ ਕਈ ਠੇਕਾ ਮੁਲਾਜ਼ਮ ਅੰਗਹੀਣ ਹੋ ਗਏ ਹਨ ਅਤੇ ਕਈ ਕਾਮੇ ਮੌਤ ਦੇ ਮੂੰਹ ਜਾ ਪਏ ਹਨ ਪ੍ਰੰਤੂ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ/ਪੈਨਸ਼ਨ/ਨੌਕਰੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਠੇਕਾ ਮੁਲਾਜ਼ਮਾਂ ਦਾ ਸ਼ਰ੍ਹੇਆਮ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਤਿੰਨ ਸਾਲ ਵਧੀਕ ਕਿਰਤ ਕਮਿਸ਼ਨਰ ਨੇ ਨਿਯਮਾਂ ਤਹਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਹੁਣ ਤੱਕ ਜਦੋਂ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਸਮੇਤ 30 ਜਨਵਰੀ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦਿਨ ਕਿਰਤ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …