ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਬੇਦੀ ਨੇ ਨਗਰ ਨਿਗਮ ਨੂੰ ਦਿੱਤੀ ਦੋ ਮਹੀਨੇ ਦੀ ਤਨਖ਼ਾਹ

3 ਕਰੋੜ ਪੰਜਾਬ ਸਰਕਾਰ ਨੂੰ ਦੇਣ ਦੀ ਥਾਂ ਇਹ ਪੈਸਾ ਮੁਹਾਲੀ ਵਿੱਚ ਆਪਣੇ ਪੱਧਰ ’ਤੇ ਖਰਚ ਕਰੇ ਨਗਰ ਨਿਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਮੈਂਬਰ ਅਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਆਪਣੀ ਦੋ ਮਹੀਨਿਆਂ ਦੀ ਤਨਖ਼ਾਹ ਅੱਜ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੂੰ ਕਰੋਨਾਵਾਇਰਸ ਨਾਲ ਲੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਦਾਲ ਵਿੱਚ ਦੇ ਕੇ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਤੋਂ ਪਹਿਲਾਂ ਸ੍ਰੀ ਬੇਦੀ ਨੇ ਸ਼ਹਿਰ ਵਿੱਚ ਮੁਫ਼ਤ ਮਾਸਕ, ਦਸਤਾਨੇ ਅਤੇ ਸੈਨੇਟਾਈਜਰ ਵੰਡੇ ਜਾ ਚੁੱਕੇ ਹਨ।
ਨਗਰ ਨਿਗਮ ਦਫ਼ਤਰ ਵਿੱਚ ਕਮਿਸ਼ਨਰ ਨੂੰ ਦੋ ਮਹੀਨੇ ਦੀ ਤਨਖ਼ਾਹ ਦੀ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਗੱਲਬਾਤ ਦੌਰਾਨ ਸ੍ਰੀ ਬੇਦੀ ਨੇ ਕਿਹਾ ਕਿ ਕਰੋਨਾ ਇਕ ਅਜਿਹੀ ਕੁਦਰਤੀ ਆਫ਼ਤ ਹੈ। ਜਿਸ ਨਾਲ ਲੜਨ ਅਤੇ ਇਸਦੇ ਖਾਤਮੇ ਲਈ ਹਰੇਕ ਵਿਅਕਤੀ ਨੂੰ ਆਪਣੇ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਇਸ ਭਿਆਨਕ ਮਹਾਮਾਰੀ ਤੋਂ ਸੁਰੱਖਿਆ ਲਈ ਹਰ ਉਪਰਾਲਾ ਕੀਤਾ ਹੈ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਦਿਨ ਰਾਤ ਕੋਰਨਾ ਖ਼ਿਲਾਫ਼ ਲੜਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਦੋ ਮਹੀਨੇ ਦੀ ਤਨਖ਼ਾਹ ਵੀ ਇਸੇ ਕਾਰਜ ਲਈ ਦਿੰਦੇ ਹੋਏ ਇਹ ਆਸ ਕਰਦੇ ਹਨ ਕਿ ਮੁਹਾਲੀ ਦੇ ਸਾਰੇ ਕੌਂਸਲਰ ਆਪਣਾ ਯੋਗਦਾਨ ਪਾਉਣਗੇ।
ਮੁਹਾਲੀ ਨਗਰ ਨਿਗਮ ਦੀ ਭਲਕੇ 10 ਅਪਰੈਲ ਨੂੰ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਵਿੱਚ 3 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦੇਣ ਦੇ ਮਤੇ ਬਾਰੇ ਸ੍ਰੀ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਰਾਜ ਸਰਕਾਰ ਆਪਣੇ ਪੱਧਰ ’ਤੇ ਫੰਡਾਂ ਦਾ ਮੂੰਹ ਖੋਲ੍ਹ ਕੇ ਇਸ ਮਹਾਮਾਰੀ ਦਾ ਟਾਕਰਾ ਕਰ ਰਹੀ ਹੈ ਤਾਂ ਇਸ ਸਬੰਧੀ ਨਗਰ ਨਿਗਮ ਨੂੰ ਆਪਣੇ ਪੱਧਰ ’ਤੇ ਇਹ ਰਕਮ ਖਰਚ ਕਰਨੀ ਚਾਹੀਦੀ ਹੈ ਅਤੇ ਸ਼ਹਿਰ ਲਈ ਬਾਕਾਇਦਾ ਤੌਰ ’ਤੇ ਸੈਨੀਟਾਈਜੇਸ਼ਨ ਲਈ ਮਸ਼ੀਨਾਂ ਦੀ ਖਰੀਦ ਕਰਕੇ ਮੁਹਾਲੀ ਵਿੱਚ ਸੈਨੇਟਾਈਜੇਸ਼ਨ ਦੀ ਵਿਵਸਥਾ ਕਰਨੀ ਚਾਹੀਦੀ ਹੈ ਕਿਉਂਕਿ ਮੁਹਾਲੀ ਇਸ ਸਮੇਂ ਕਰੋਨਾ ਦੇ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਚੁੱਕਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ 3 ਕਰੋੜ ਰੁਪਏ ਸਰਕਾਰ ਨੂੰ ਦੇਣ ਦੀ ਥਾਂ ਨਗਰ ਨਿਗਮ ਨੂੰ ਖ਼ੁਦ ਖਰਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਫੰਡ ਵੈਸੇ ਵੀ ਸਰਕਾਰ ਦੇ ਹੀ ਹਨ ਅਤੇ ਸਰਕਾਰ ਜਦੋਂ ਮਰਜੀ ਚਾਹੇ ਲੋੜ ਵੇਲੇ ਇਨ੍ਹਾਂ ਨੂੰ ਵਰਤ ਸਕਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲਾਕਡਾਉਨ ਜੇਕਰ ਲੰਮਾ ਚਲਦਾ ਹੈ ਅਤੇ ਵਪਾਰ ਬੰਦ ਰਹਿੰਦੇ ਹਨ ਤਾਂ ਜਾਹਰ ਤੌਰ ’ਤੇ ਜੀਐਸਟੀ ਖ਼ਤਮ ਹੋਣ ਕਰਕੇ ਨਗਰ ਨਿਗਮ ਦੇ ਆਮਦਨ ਦੇ ਸਰੋਤ ਬਹੁਤ ਘੱਟ ਜਾਣੇ ਹਨ। ਜਿਸ ਕਰਕੇ ਲੋੜ ਪੈਣ ਵੇਲੇ ਪੈਸੇ ਦੀ ਸੰਭਾਲ ਕਰਨੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਹੋਣ ਕਾਰਨ ਸਾਡਾ ਸਭ ਦਾ ਪਹਿਲਾ ਫਰਜ ਸ਼ਹਿਰ ਦੇ ਹਿੱਤਾਂ ਨੂੰ ਮੁੱਖ ਰੱਖਣਾ ਹੈ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਬਿਹਤਰੀ ਲਈ ਹੀ ਕੰਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਫੰਡ ਵਿੱਚ ਪੈਸੇ ਪਾਣੇ ਹਨ ਤਾਂ ਸਾਰੇ ਕੌਂਸਲਰਾਂ ਨੂੰ ਆਪਣੇ ਪੱਧਰ ਤੇ ਪੈਸੇ ਦੇਣੇ ਚਾਹੀਦੇ ਹਨ ਨਾ ਕਿ ਨਗਰ ਨਿਗਮ ਦੇ ਫੰਡ ’ਚੋਂ ਜੋ ਕਿ ਲੋਕਾਂ ਦਾ ਅਤੇ ਸ਼ਹਿਰ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੇਲੇ ਪੈਸੇ ਦੀ ਨਹੀਂ ਸਗੋਂ ਸਮੁੱਚੇ ਹੈਲਥ ਵਰਕਰਸ ਅਤੇ ਡਾਕਟਰਾਂ ਲਈ ਪੀਪੀਈ ਕਿਟਾਂ ਤੇ ਮਰੀਜ਼ਾਂ ਲਈ ਵੈਂਟੀਲੇਟਰਾਂ ਦੀ ਤੁਰੰਤ ਲੋੜ ਹੈ ਜੋ ਕਿ ਨਗਰ ਨਿਗਮ ਆਪਣੇ ਫੰਡਾਂ ’ਚੋਂ ਫੌਰਨ ਖਰੀਦ ਕਰਕੇ ਦੇ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…