
ਗਿਵਇੰਗ ਹੈਡਸ ਫਾਰ ਹਿਊਮਨਟੀ ਨੇ ਲਾਇਆ ‘ਕੋਵਿਡ ਵੈਕਸੀਨੇਸ਼ਨ ਦਾ ਲੰਗਰ’
ਮੇਅਰ ਜੀਤੀ ਸਿੱਧੂ ਨੇ ਕੀਤਾ ਵਿਸ਼ੇਸ਼ ਕੈਂਪ ਦਾ ਉਦਘਾਟਨ, 280 ਤੋਂ ਵੱਧ ਲੋਕਾਂ ਦਾ ਟੀਕਾਕਰਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜਿੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਯਤਨਸ਼ੀਲ ਹੈ। ਉੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਗਿਵਇੰਗ ਹੈਡਸ ਫਾਰ ਹਿਊਮਨਟੀ ਨੇ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਇੱਥੋਂ ਦੇ ਫੇਜ਼-7 ਸਥਿਤ ਪਬਲਿਕ ਲਾਇਬ੍ਰੇਰੀ ਨੇੜੇ ‘ਕੋਵਿਡ ਵੈਕਸੀਨੇਸ਼ਨ ਦਾ ਲੰਗਰ’ ਲਗਾਇਆ ਗਿਆ। ਜਿਸ ਦਾ ਉਦਘਾਟਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਅਤੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ 280 ਤੋਂ ਵੱਧ ਲੋਕਾਂ ਨੇ ਕੋਵਿਡ ਵੈਕਸੀਨ ਲਗਵਾਈ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆ।
ਜਾਣਕਾਰੀ ਅਨੁਸਾਰ ਗਿਵਇੰਗ ਹੈਡਸ ਫਾਰ ਹਿਊਮਨਟੀ ਸੰਸਥਾ ਵੱਲੋਂ ਕੋਵਿਡ ਟੀਕਾਕਰਨ ਕੈਂਪ ਮੌਕੇ 40 ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਪਿਛਲੇ ਕਾਫੀ ਸਮੇਂ ਤੋਂ ਹਰ ਐਤਵਾਰ ਲੰਗਰ ਦਾ ਅਯੋਜਨ ਕਰ ਰਹੀ ਹੈ ਅਤੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹੂਲਤਾਂ ਅਤੇ ਲੋੜਵੰਦ ਪਰਿਵਾਰਾਂ ਲਈ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।