nabaz-e-punjab.com

ਗਲੋਬਲ ਕਬੱਡੀ ਲੀਗ: ਕੈਲੇਫੋਰਨੀਆ ਈਗਲਜ਼ ਨੇ ਹਰਿਆਣਾ ਲਾਇਨਜ਼ ਨੂੰ 63-43 ਨਾਲ ਹਰਾਇਆ

ਪੰਜਾਬ ਵਿੱਚ ਹੋਰਨਾਂ ਖੇਡਾਂ ਸਮੇਤ ਵਿਸ਼ੇਸ਼ ਤੌਰ ’ਤੇ ਕਰਵਾਈ ਜਾਵੇਗੀ ਲੜਕੀਆਂ ਦੀ ਕ੍ਰਿਕਟ ਲੀਗ: ਰਾਣਾ ਸੋਢੀ
ਕਬੱਡੀ ਲੀਗ ਨੌਜਵਾਨਾਂ ਨੂੰ ਸੇਧ ਦੇਣ ਲਈ ਸ਼ਾਨਦਾਰ ਉਪਰਾਲਾ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਕੈਲੇਫੋਰਨੀਆ ਈਗਲਜ਼ ਨੇ ਹਰਿਆਣਾ ਲਾਇਨਜ਼ ਨੂੰ 63-43 ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਦੇ ਖਿਤਾਬ ਤੇ ਕਬਜ਼ਾ ਕਰ ਲਿਆ। ਮੁਹਾਲੀ ਦੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਪੰਨ ਹੋਈ ਲੀਗ ਦੇ ਫਾਈਨਲ ਵਿੱਚ ਜਬਰਦਸ਼ਤ ਟੱਕਰ ਦੇਖਣ ਨੂੰ ਮਿਲੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਜੀਪੀ ਵੀ ਹਾਜ਼ਰ ਸਨ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਵਾਲੇ ਪਾਸੇ ਲਾਉਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਖੇਡਾਂ ਸਮੇਤ ਵਿਸ਼ੇਸ਼ ਤੌਰ ਉਤੇ ਲੜਕੀਆਂ ਦੀ ਕ੍ਰਿਕਟ ਲੀਗ ਕਰਵਾਈ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿੱਚ ਇਹ ਲੀਗ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕਬੱਡੀ ਲੀਗ ਵਰਗੇ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ।
ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਇਕ ਕਰੋੜ ਰੁਪਏ ਦਾ ਨਕਦ ਇਨਾਮ, ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਨਕਦ ਦਿੱਤੇ ਗਏ। ਫਾਇਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਫਾਇਨਲ ਮੈਚ ਸੰਘਰਸ਼ਪੂਰਨ ਰਿਹਾ, ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 15-11 ਨਾਲ ਅੱਗੇ ਸੀ।ਦੂਜਾ ਕਵਾਰਟਰ ਕਾਫੀ ਉਤਰਾਅ ਚੜਾਅ ਵਾਲਾ ਰਿਹਾ। ਇਕ ਸਮੇਂ ਹਰਿਆਣਾ ਲਾਇਨਜ਼ ਦੇ ਜਾਫੀਆਂ ਨੇ ਬੇਹਤਰੀਨ ਜੱਫੇ ਲਾਏ ਅਤੇ ਟੀਮ ਨੂੰ 15-15 ਦੀ ਬਰਾਬਰੀ ਤੇ ਲੈ ਆਂਦਾ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 27-26 ਨਾਲ ਅੱਗੇ ਸੀ।ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ ਇਸ ਕਵਾਰਟਰ ਵਿੱਚ ਉਨ੍ਹਾ ਦੇ ਜਾਫੀ ਅੰਮ੍ਰਿਤ ਅੌਲਖ ਨੇ ਬੇਹਤਰੀਨ ਜੱਫੇ ਲਾਏ ਅਤੇ ਰੇਡਰ ਨਵਜੋਤ ਸ਼ੰਕਰ ਨੇ ਸ਼ਾਨਦਾਰ ਰੇਡਾਂ ਪਾਈਆਂ ਅਤੇ ਇਸ ਕਵਾਰਟਰ ਦੇ ਅੰਤ ਤੱਕ ਸਕੋਰ ਕੈਲੇਫੋਰਨੀਆ ਦੇ ਹੱਕ ਵਿੱਚ 45-34 ਸੀ। ਆਖਰੀ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਹਰਿਆਣਾ ਨੂੰ ਵਾਪਸੀ ਨਾ ਕਰਨ ਦਿੱਤੀ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 63-43 ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਰਿਹਾ। ਕੈਲੇਫੋਰਨੀਆਂ ਦੇ ਰੇਡਰ ਨਵਜੋਤ ਸ਼ੰਕਰ ਨੇ 20 ਅੰਕ ਬਣਾਏ ਜਦਕਿ ਜਾਫੀ ਮੰਗਤ ਮੰਗੀ ਨੇ 6 ਅੰਕ ਬਣਾਏ ਜਦਕਿ ਹਰਿਆਣਾ ਵਲੋਂ ਰਵੀ ਦਿਓਰਾ 15 ਅੰਕ ਬਣਾ ਸਕਿਆ। ਫਾਇਨਲ ਮੈਚ ਦਾ ਬੇਹਤਰੀਨ ਰੇਡਰ ਦਾ ਖਿਤਾਬ ਨਵਜੋਤ ਸ਼ੰਕਰ ਨੂੰ ਅਤੇ ਬੇਹਤਰੀਨ ਜਾਫੀ ਦਾ ਖਿਤਾਨ ਅੰਮ੍ਰਿਤ ਅੌਲਖ ਨੂੰ ਮਿਲਿਆ।
ਇਸ ਮੌਕੇ ਗੈਰ ਜੋਹਲ ਕੈਨੇਡਾ, ਯੋਗੇਸ਼ ਛਾਬੜਾ, ਸੁਰਜੀਤ ਸਿੰਘ ਟੁੱਟ, ਅਮਰਜੀਤ ਸਿੰਘ ਟੁੱਟ, ਰਣਬੀਰ ਸਿੰਘ ਰਾਣਾ ਟੁੱਟ, ਰਣਜੀਤ ਸਿੰਘ ਟੁੱਟ, ਐਸਐਸਪੀ ਕੁਲਦੀਪ ਸਿੰਘ ਚਾਹਲ, ਏਡੀਸੀ ਚਰਨਦੇਵ ਸਿੰਘ ਮਾਨ, ਏ.ਡੀ.ਸੀ. ਅਮਰਦੀਪ ਸਿੰਘ ਬੈਂਸ, ਐਸ.ਡੀ.ਐਮ. ਜਗਦੀਪ ਸਹਿਗਲ, ਕੁਲਵੰਤ ਸਿੰਘ ਹੀਰ, ਹਾਈ ਕੋਰਟ ਦੇ ਵਕੀਲ ਕੰਵਰਬੀਰ ਸਿੰਘ ਸਿੱਧੂ, ਇਕਬਾਲ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ ਅਤੇ ਗੋਲਬਲ ਕਬੱਡੀ ਲੀਗ ਦੇ ਹੋਰ ਪ੍ਰਬੰਧਕ ਅਤੇ ਕਬੱਡੀ ਪ੍ਰੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…