ਡਿਪਟੀ ਮੇਅਰ ਕੁਲਜੀਤ ਬੇਦੀ ਦੇ ਘਰ ਬਲਬੀਰ ਸਿੱਧੂ ਦੇ ਹੱਕ ਵਿੱਚ ਦਿਸਿਆ ਨਾਰੀ ਸ਼ਕਤੀ ਦਾ ਜਾਹੋ-ਜਲਾਲ

ਫੇਜ਼-3ਬੀ2 ਦੀਆਂ ਸੁਘੜ ਸੁਆਣੀਆਂ ਨੇ ਹੱਥ ਖੜੇ ਕਰਕੇ ਬਲਬੀਰ ਸਿੱਧੂ ਨੂੰ ਜਿਤਾਉਣ ਦਾ ਲਿਆ ਅਹਿਦ

ਸਹੁੰ ਖਾ ਕੇ ਮੁੱਕਰਨ ਵਾਲਾ ਆਗੂ ਹੈ ‘ਆਪ’ ਉਮੀਦਵਾਰ ਕੁਲਵੰਤ ਸਿੰਘ: ਕੁਲਜੀਤ ਬੇਦੀ

ਕੁਲਵੰਤ ਸਿੰਘ ਦੇ ਵਤੀਰੇ ਤੋਂ ਦੁਖੀ ਲੋਕਾਂ ਨੇ ਐਮਸੀ ਚੋਣਾਂ ਵਿੱਚ ਹਰਾ ਕੇ ਸਿਖਾਇਆ ਸਬਕ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕਮਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੀ ਚੋਣ ਮੁਹਿੰਮ ਨੂੰ ਹੋਰ ਗਤੀ ਦੇਣ ਲਈ ਚੋਣ ਮੀਟਿੰਗ ਕੀਤੀ ਗਈ। ਵੱਡੀ ਗੱਲ ਇਹ ਸੀ ਕਿ ਇਸ ਮੀਟਿੰਗ ਵਿੱਚ ਨਾਰੀ ਸ਼ਕਤੀ ਦਾ ਜਾਹੋ ਜਲਾਲ ਵੇਖਣ ਨੂੰ ਮਿਲਿਆ। ਇਸ ਮੀਟਿੰਗ ਵਿਚ ਇਸ ਫੇਜ਼-3ਬੀ2 ਦੇ ਇਲਾਕੇ ਦੀਆਂ ਸੁਘੜ ਸੁਆਣੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੋਂ ਇਲਾਵਾ ਬਲਬੀਰ ਸਿੰਘ ਸਿੱਧੂ ਦੀ ਧਰਮ ਪਤਨੀ ਦਲਜੀਤ ਕੌਰ, ਮੇਅਰ ਜੀਤੀ ਸਿੱਧੂ ਦੀ ਧਰਮ ਪਤਨੀ ਜਤਿੰਦਰ ਕੌਰ, ਮਾਸਟਰ ਰਾਮ ਸਰੂਪ ਜੋਸ਼ੀ ਤੋਂ ਇਲਾਵਾ ਇਲਾਕੇ ਦੀਆਂ ਅੌਰਤਾਂ ਪਿਕੀ ਅੌਲਖ ਅਤੇ ਅੰਜਨਾ ਸੋਨੀ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿਛਲੇ ਵੀਹ ਸਾਲਾਂ ਤੋਂ ਮੁਹਾਲੀ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਬਲਬੀਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵਿੱਚ ਸਿੱਧਾ ਫ਼ਰਕ ਇਹੀ ਹੈ ਕਿ ਜਿੱਥੇ ਬਲਬੀਰ ਸਿੱਧੂ ਲੋਕਾਂ ਦੇ ਨਾਲ ਪਰਿਵਾਰ ਵਾਂਗ ਜੁੜੇ ਹੋਏ ਹਨ ਉੱਥੇ ਕੁਲਵੰਤ ਸਿੰਘ ਨਾ ਤਾਂ ਕਿਸੇ ਦੀ ਇੱਜ਼ਤ ਕਰਦੇ ਹਨ ਤੇ ਨਾ ਹੀ ਕਿਸੇ ਦਾ ਫੋਨ ਤੱਕ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ ਇਕ ਰਿਟਾਇਰਡ ਅਧਿਆਪਕ ਅਮਰੀਕ ਸਿੰਘ ਸੋਮਲ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਜੋ ਪੰਦਰਾਂ ਦਿਨਾਂ ਤੱਕ ਗੋਬਿੰਦ ਕਰ ਕੇ ਵੋਟਾਂ ਮੰਗਣ ਤੱਕ ਨਹੀਂ ਗਏ ਤੇ ਨਾ ਹੀ ਉਨ੍ਹਾਂ ਕੋਈ ਪੈਸਾ ਖਰਚਿਆ। ਦੂਜੇ ਪਾਸੇ ਕੁਲਵੰਤ ਸਿੰਘ ਨੇ ਇਸ ਚੋਣ ਉੱਤੇ ਲੱਖਾਂ ਰੁਪਏ ਖ਼ਰਚ ਕੀਤੇ।
ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਲੋਕ ਕੁਲਵੰਤ ਸਿੰਘ ਦੇ ਵਤੀਰੇ ਤੋਂ ਕਿੰਨਾ ਕੁ ਦੁਖੀ ਹੋ ਚੁੱਕੇ ਸਨ ਤੇ ਉਨ੍ਹਾਂ ਨੇ ਆਪ ਅੱਗੇ ਹੋ ਕੇ ਕੁਲਵੰਤ ਸਿੰਘ ਨੂੰ ਸਬਕ ਸਿਖਾਇਆ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿੱਚ ਵਿਕਾਸ ਨੂੰ ਅਤੇ ਲੋਕਾਂ ਦੀਆਂ ਸੁੱਖ ਸਹੂਲਤਾਂ ਨੂੰ ਅੱਗੇ ਰੱਖਿਆ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਕੰਮ ਕੀਤੇ ਹਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿੱਚ ਲਿਆਂਦੇ ਗਏ ਅਹਿਮ ਪ੍ਰੋਜੈਕਟਾਂ ਅਤੇ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਦੋਹਾਂ ਨੇ ਅਕਾਲੀ ਦਲ ਛੱਡ ਕੇ ਆਜ਼ਾਦ ਗਰੁੱਪ ਬਣਾਇਆ ਸੀ ਪਰ ਲੋਕਾਂ ਵੱਲੋਂ ਨਕਾਰੇ ਗਏ ਇਸ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਉਮੀਦਵਾਰ ਚੋਣ ਹਾਰ ਗਏ ਤੇ ਦੂਜੇ ਪਾਸੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਸੈਂਤੀ ਉਮੀਦਵਾਰਾਂ ਨੂੰ ਜਿਤਾ ਕੇ ਭਾਰੀ ਬਹੁਮਤ ਦਾ ਫਤਵਾ ਦਿੱਤਾ।
ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੇ ਅੱਗੇ ਮੇਅਰ ਸ਼ਬਦ ਬਲਬੀਰ ਸਿੰਘ ਸਿੱਧੂ ਦੀ ਬਦੌਲਤ ਲੱਗਿਆ ਸੀ ਪਰ ਕੁਲਵੰਤ ਸਿੰਘ ਕਾਂਗਰਸ ਪਾਰਟੀ ਨੂੰ ਸਹੁੰ ਖਾ ਕੇ ਵੀ ਧੋਖਾ ਦੇ ਗਿਆ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ ਹੈ ਅਤੇ ਉਸ ਕੋਲ ਸੁਖਬੀਰ ਸਿੰਘ ਬਾਦਲ ਤੋਂ ਵੀ ਵੱਧ ਪੈਸਾ ਹੈ। ਉਨ੍ਹਾਂ ਕਿਹਾ ਕਿ ਅਮੀਰ ਸਿਰਫ ਪੈਸੇ ਨਾਲ ਨਹੀਂ ਹੁੰਦਾ ਸਗੋਂ ਅਮੀਰ ਉਹ ਹੁੰਦਾ ਹੈ ਜਿਸ ਨਾਲ ਲੋਕ ਹੋਣ ਅਤੇ ਇਲਾਕੇ ਦੇ ਲੋਕ ਬਲਬੀਰ ਸਿੰਘ ਸਿੱਧੂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਇਲਾਕੇ ਦੀ ਵਸਨੀਕ ਪਿੰਕੀ ਅੌਲਖ ਅਤੇ ਅੰਜਨਾ ਸੋਨੀ ਨੇ ਬੋਲਦਿਆਂ ਕਿਹਾ ਕਈ ਲੋਕ ਬਦਲਾਅ ਦੀਆਂ ਗੱਲਾਂ ਕਰ ਰਹੇ ਹਨ ਪਰ ਵਿਧਾਨ ਸਭਾ ਦੀ ਚੋਣ ਕੋਈ ਸਬਜ਼ੀ ਜਾਂ ਸੂਟ ਖਰੀਦਣ ਦੀ ਗੱਲ ਨਹੀਂ ਹੈ ਕਿ ਬਦਲ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਅਜਿਹੇ ਆਗੂ ਹਨ ਜਿਨ੍ਹਾਂ ਦਾ ਇਲਾਕੇ ਵਿੱਚ ਕੀਤਾ ਕੰਮ ਦਿਖਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਿੱਚ ਕੁਲਜੀਤ ਬੇਦੀ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਲੱਬਧ ਹਨ ਤੇ ਇਸੇ ਤਰ੍ਹਾਂ ਸਿੱਧੂ ਪਰਿਵਾਰ ਦੇ ਸਾਰੇ ਹੀ ਮੈਂਬਰ ਲੋਕਾਂ ਦੀ ਸੇਵਾ ਵਿੱਚ ਉਪਲੱਬਧ ਰਹਿੰਦੇ ਹਨ। ਇਸ ਲਈ ਬਦਲਾਅ ਦੀਆਂ ਗੱਲਾਂ ਛੱਡ ਕੇ ਸਾਰਿਆਂ ਨੂੰ ਇੱਕਮੁੱਠ ਅਤੇ ਇਕਜੁੱਟ ਹੋ ਕੇ ਬਲਬੀਰ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਲਈ ਖ਼ੁਦ ਆਪਣੀ ਪਰਿਵਾਰ ਅਤੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੀਆਂ ਵੋਟਾਂ ਪਵਾਉਣ ਦੀ ਲੋੜ ਹੈ। ਇਸ ਮੌਕੇ ਜਤਿੰਦਰ ਕੌਰ ਸਿੱਧੂ ਅਤੇ ਦਲਜੀਤ ਕੌਰ ਸਿੱਧੂ ਨੇ ਬਲਬੀਰ ਸਿੱਧੂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਲਈ ਉਨ੍ਹਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…