
ਜੀਐਮ ਕਲੇਰ ਨੇ ਮੁਹਾਲੀ ਏਸੀ ਬੱਸ ਅੱਡੇ ਤੋਂ ਕੀਤਾ ਸਫ਼ਾਈ ਮੁਹਿੰਮ ਦਾ ਆਗਾਜ਼
ਪ੍ਰਬੰਧਕਾਂ ਨੂੰ ਬੱਸ ਅੱਡਾ ਹਮੇਸ਼ਾ ਸਾਫ਼-ਸੁਥਰਾ ਰੱਖਣ ਦੀਆਂ ਹਦਾਇਤਾਂ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਭਰ ਅੰਦਰ ਬੱਸ ਅੱਡਿਆਂ ਦੀ ਸਾਫ਼-ਸਫ਼ਾਈ ਲਈ ਐਤਵਾਰ ਤੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ। ਇਸ ਮੁਹਿੰਮ ਤਹਿਤ ਅੱਜ ਇੱਥੋਂ ਦੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਟਰਮੀਨਲ ਦੇ ਅੰਦਰ ਅਤੇ ਬਾਹਰ ਜਨਰਲ ਮੈਨੇਜਰ ਕਰਨਜੀਤ ਸਿੰਘ ਕਲੇਰ ਅਤੇ ਟੀਐਮ ਨਿਰੰਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਇੰਸਪੈਕਟਰ ਅਨੂਪਮ ਕੌਸ਼ਲ, ਮੁਨੀਸ਼ ਠਾਕੁਰ, ਕੁਲਦੀਪ ਰਾਏ, ਸੁਪਰਡੈਂਟ ਨਛੱਤਰ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜਨਰਲ ਮੈਨੇਜਰ ਕਰਨਜੀਤ ਸਿੰਘ ਕਲੇਰ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦਾ ਸੁਪਨਾ ਹੈ ਕਿ ਬੱਸ ਅੱਡਿਆਂ ਦੀ ਸਵੱਛਤਾ ਹੀ ਇਨ੍ਹਾਂ ਥਾਵਾਂ ਦੀ ਨੁਹਾਰ ਬਦਲਣ ਲਈ ਇਕ ਮਹੱਤਵਪੂਰਨ ਜ਼ਰੀਆ ਹੈ ਤਾਂ ਜੋ ਲੋਕ ਬੱਸ ਅੱਡਿਆਂ ’ਤੇ ਸਵੱਛਤਾ-ਭਰਪੂਰ ਸਹੂਲਤਾਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸਾਰੀਆਂ ਬੱਸਾਂ ਦੀ ਅੰਦਰੋਂ ਅਤੇ ਬਾਹਰੋਂ ਸਫ਼ਾਈ ਕਰਨ ਸਮੇਤ ਬੱਸ ਅੱਡਾ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਫ਼ਾਈ ਕੀਤੀ ਗਈ ਅਤੇ ਹੋਰ ਲੋਕ ਸਹੂਲਤਾਂ ਦਾ ਨਿਰੀਖਣ ਕਰਨ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ। ਇਸ ਮੌਕੇ ਸ੍ਰੀ ਕਲੇਰ ਨੇ ਬੱਸ ਅੱਡੇ ਦੇ ਪ੍ਰਬੰਧਕਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਬੱਸ ਅੱਡੇ ਨੂੰ ਹਮੇਸ਼ਾ ਲਈ ਸਾਫ਼-ਸੁਥਰਾ ਰੱਖਿਆ ਜਾਵੇ ਤਾਂ ਜੋ ਟਰਾਂਸਪੋਰਟ ਮੰਤਰੀ ਦੀ ਸਫ਼ਾਈ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਬੀਤੀ ਕੱਲ੍ਹ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੌਮੀ, ਸੂਬਾ ਅਤੇ ਜ਼ਿਲ੍ਹਾ ਸੜਕਾਂ ਉੱਤੇ 864 ਪਰਮਿਟ ਪੇਂਡੂ ਸੜਕਾਂ ਅਤੇ 7520 ਮਿੰਨੀ ਬੱਸ ਰੂਟ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਬੱਸ ਅੱਡਿਆਂ ’ਤੇ ਆਵਾਜਾਈ ਦੌਰਾਨ ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਜ਼ਰੂਰੀ ਹਨ।