
ਗਮਾਡਾ ਨੇ ਮੁਹਾਲੀ ਵਿੱਚ ਆਲੀਸ਼ਾਨ ਆਡੀਟੋਰੀਅਮ ਲਈ ਢਾਈ ਏਕੜ ਜ਼ਮੀਨ ਕੀਤੀ ਅਲਾਟ
ਚੰਡੀਗੜ੍ਹ ਦੇ ਟੈਗੋਰ ਥੀਏਟਰ ਨਾਲੋਂ ਵੱਡਾ ਤੇ ਵਧੀਆ ਹੋਵੇਗਾ ਮੁਹਾਲੀ ਦਾ ਆਡੀਟੋਰੀਅਮ: ਬਲਬੀਰ ਸਿੱਧੂ
15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਆਡੀਟੋਰੀਅਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਨਗਰ ਨੂੰ ਇੱਥੋਂ ਸੈਕਟਰ-78 ਵਿੱਚ ਆਲੀਸ਼ਾਨ ਆਡੀਟੋਰੀਅਮ ਦੀ ਉਸਾਰੀ ਲਈ ਲਗਪਗ ਢਾਈ ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਚੇਤੇ ਰਹੇ ਕਿ ਪਿੱਛੇ ਜਿਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਸਿੱਧੂ ਦੀ ਉਕਤ ਮੰਗ ਨੂੰ ਪ੍ਰਵਾਨ ਕਰਦਿਆਂ ਮੌਕੇ ’ਤੇ ਹੀ ਗਮਾਡਾ ਅਧਿਕਾਰੀਆਂ ਨੂੰ ਆਡੀਟੋਰੀਅਮ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਦੇ ਹੁਕਮ ਦਿੰਦਿਆਂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਸ੍ਰੀ ਸਿੱਧੂ ਨੇ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗਮਾਡਾ ਨੇ ਜ਼ਮੀਨ ਦੀ ਅਲਾਟਮੈਂਟ ਸਬੰਧੀ ਨਗਰ ਨਿਗਮ ਨੂੰ ਪੱਤਰ ਸੌਂਪ ਦਿੱਤਾ ਹੈ। ਗਮਾਡਾ ਨੇ 2.237 ਏਕੜ ਜ਼ਮੀਨ ਨਗਰ ਨਿਗਮ ਨੂੰ ਮੁਫ਼ਤ ਪ੍ਰਦਾਨ ਕੀਤੀ ਗਈ ਹੈ। ਵਿਧਾਇਕ ਸਿੱਧੂ ਨੇ ਦੱਸਿਆ ਕਿ ਛੇਤੀ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਡੀਟੋਰੀਅਮ ਦਾ ਨੀਂਹ ਪੱਥਰ ਰੱਖ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਨਗਰ ਨਿਗਮ ਵੱਲੋਂ ਤਿੰਨ ਸਾਲਾਂ ਦੇ ਅੰਦਰ ਅੰਦਰ ਆਡੀਟੋਰੀਅਮ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ ਕੀਤੀ ਜਾਣੀ ਹੈ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਆਡੀਟੋਰੀਅਮ ਦੀ ਉਸਾਰੀ ਲਈ ਸਰਕਾਰ ਨੇ 15 ਕਰੋੜ ਰੁਪਏ ਰਿਲੀਜ਼ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਇੱਥੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਨਾਲੋਂ ਵੀ ਵਧੀਆ ਆਡੀਟੋਰੀਅਮ ਦੀ ਉਸਾਰੀ ਕੀਤੀ ਜਾਵੇਗੀ। ਇੱਥੇ ਵੱਡੀ ਗਿਣਤੀ ਲੋਕਾਂ ਦੇ ਬੈਠਣ ਦੀ ਸਮਰਥਾ ਹੋਵੇਗੀ ਅਤੇ ਵੱਡੀ ਵਾਹਨ ਪਾਰਕਿੰਗ ਸਮੇਤ ਲਿਫ਼ਟ ਅਤੇ ਕਮਰਿਆਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਸਨਅਤੀ ਹੱਬ ਬਣਦਾ ਜਾ ਰਿਹਾ ਹੈ। ਇੱਥੇ ਆਡੀਟੋਰੀਅਮ ਵਿੱਚ ਕੌਮੀ ਪੱਧਰ ਦੀਆਂ ਕਾਨਫ਼ਰੰਸਾਂ ਕਰਵਾਉਣ ਲਈ ਵੀ ਬੰਦੋਬਸਤ ਕੀਤਾ ਜਾਵੇਗਾ।
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਧਾਇਕ ਸਿੱਧੂ ਵੱਲੋਂ ਆਡੀਟੋਰੀਅਮ ਲਈ ਜ਼ਮੀਨ ਅਲਾਟ ਕਰਵਾਉਣ ਸਬੰਧੀ ਕੀਤੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੁੱਡਾ ਮੰਤਰੀ ਸੁੱਖ ਸਰਕਾਰੀਆ ਦਾ ਵੀ ਧੰਨਵਾਦ ਕੀਤਾ।