nabaz-e-punjab.com

ਗਮਾਡਾ ਦਾ ਐਕਸੀਅਨ ਤੇ ਦੋ ਐਸਡੀਓ ਮੁਅੱਤਲ

ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਲਮਕਣ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਕਜੌਲੀ ਤੋਂ ਪੀਣ ਵਾਲੇ ਪਾਣੀ ਦੀ ਸਿੱਧੀ ਸਲਪਾਈ ਦਾ ਪ੍ਰਾਜੈਕਟ ਲਗਾਤਾਰ ਲਮਕਣ ਦੇ ਕਥਿਤ ਦੋਸ਼ ਵਿੱਚ ਗਮਾਡਾ ਦੇ ਐਕਸੀਅਨ ਭਗਵਾਨ ਦਾਸ ਅਤੇ ਦੋ ਐਸਡੀਓਜ਼ ਹਿਮਾਸ਼ੂ ਸੰਧੂ ਅਤੇ ਵਰਿੰਦਰ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਬੀਤੀ ਚਾਰ ਜੂਨ ਸ਼ਾਮ ਨੂੰ ਜਾਰੀ ਕੀਤੇ ਹੋਏ ਦੱਸੇ ਗਏ ਸੀ ਪ੍ਰੰਤੂ 5 ਜੂਨ ਦੀ ਸਰਕਾਰੀ ਛੁੱਟੀ ਹੋਣ ਕਾਰਨ ਅਧਿਕਾਰੀਆਂ ਦੀ ਮੁਅੱਤਲੀ ਦੇ ਆਦੇਸ਼ ਅੱਜ ਪ੍ਰਾਪਤ ਹੋਏ। ਇਹ ਹੁਕਮ ਸੀਨੀਅਰ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਕੋਲ ਗਮਾਡਾ ਦੇ ਮੁੱਖ ਪ੍ਰਸ਼ਾਸਨ ਦਾ ਵਾਧੂ ਚਾਰਜ ਸੀ ਪ੍ਰੰਤੂ ਅੱਜ ਪੰਜਾਬ ਸਰਕਾਰ ਵੱਲੋਂ 14 ਆਈਏਐਸ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਸ੍ਰੀ ਅਜੋਏ ਸ਼ਰਮਾ ਤੋਂ ਗਮਾਡਾ ਦਾ ਵਾਧੂ ਚਾਰਜ ਵਾਪਸ ਲੈ ਕੇ ਸ੍ਰੀਮਤੀ ਕਵਿਤਾ ਸਿੰਘ ਨੂੰ ਗਮਾਡਾ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਕਤ ਅਧਿਕਾਰੀਆਂ ਦੇ ਮੁਅੱਤਲੀ ਦੇ ਹੁਕਮਾਂ ਨੂੰ ਲੈ ਕੇ ਅੱਜ ਗਮਾਡਾ ਭਵਨ ਵਿੱਚ ਚਰਚਾ ਛਿੜੀ ਰਹੀ।
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਲਾਈਨ ਨੇੜਿਓਂ ਲੰਘਦੀ ਪਾਣੀ ਦੀ ਪਾਈਪਲਾਈਨ ਅਚਾਨਕ ਫਟ ਜਾਣ ਕਾਰਨ ਕਜੌਲੀ ਵਾਟਰ ਵਰਕਰ ਤੋਂ ਸਿੱਧੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ। ਉਂਜ ਵੀ ਮੁਹਾਲੀ ਲਈ ਸਿੱਧੇ ਪਾਣੀ ਦਾ ਪ੍ਰਾਜੈਕਟ ਲਗਾਤਾਰ ਲਮਕਦਾ ਆ ਰਿਹਾ ਹੈ। ਇਸ ਸਬੰਧੀ ਉਕਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਅਜੋਕੇ ਸਮੇਂ ਵਿੱਚ ਮੁਹਾਲੀ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਉਧਰ, ਪਿਛਲੇ ਕਰੀਬ ਦੋ-ਤਿੰਨ ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਦਾ ਪੱਧਰ 200 ਫੁੱਟ ਤੋਂ ਵੀ ਵੱਧ ਥੱਲੇ ਚਲਾ ਗਿਆ ਹੈ। ਪਾਣੀ ਦੇ ਜ਼ਿਆਦਾਤਰ ਟਿਊਬਵੈੱਲ ਫੇਲ ਹੋ ਗਏ ਹਨ ਅਤੇ ਕਈ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਚੁੱਕੀ ਹੈ। ਮੁਹਾਲੀ ਪ੍ਰਸ਼ਾਸਨ ਕੋਲ ਇਸ ਵੇਲੇ ਕੇਵਲ 13.4 ਮਿਲੀਅਨ ਗੈਲਨ ਪਾਣੀ ਹੀ ਉਪਲਬਧ ਹੈ ਜਦੋਂਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਪ੍ਰਤੀ ਦਿਨ 30 ਮਿਲੀਅਨ ਗੈਲਨ ਤੋਂ ਵੱਧ ਪਾਣੀ ਦੀ ਲੋੜ ਹੈ। ਸ਼ਹਿਰ ਵਾਸੀਆਂ ਨੂੰ 10 ਮਿਲੀਆ ਗੈਲਨ ਨਹਿਰੀ ਪਾਣੀ ਅਤੇ 3.4 ਮਿਲੀਅਨ ਗੈਲਨ ਪਾਣੀ ਕੇਵਲ ਟਿਊਬਵੈਲਾਂ ਰਾਹੀਂ ਪ੍ਰਾਪਤ ਹੋ ਰਿਹਾ ਹੈ ਜੋ ਕਿ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਾਫੀ ਘੱਟ ਹੈ।
ਅਕਾਲੀ ਸਰਕਾਰ ਵੇਲੇ ਗਮਾਡਾ ਵੱਲੋਂ ਮੁਹਾਲੀ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ 80 ਐਮਜੀਡੀ ਸਮਰਥਾ ਵਾਲੀ 5ਵੀਂ ਅਤੇ 6ਵੀਂ ਪਾਈਪਲਾਈਨ ਵਿਛਾਉਣ ਅਤੇ ਪਿੰਡ ਜੰਡਪੁਰ ਨੇੜੇ ਵਾਟਰ ਟਰੀਟਮੈਂਟ ਪਲਾਟ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ। ਪ੍ਰਾਈਵੇਟ ਕੰਪਨੀ ਨੂੰ ਇਹ ਕੰਮ 31 ਅਗਸਤ 2014 ਤੱਕ ਹਰ ਹਾਲ ਵਿੱਚ ਮੁਕੰਮਲ ਕਰਨ ਲਈ ਆਖਿਆ ਗਿਆ ਸੀ। ਇਹੀ ਨਹੀਂ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਦੀ ਜਨਹਿੱਤ ਪਟੀਸ਼ਨ ’ਤੇ ਦੌਰਾਨ ਗਮਾਡਾ ਨੇ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਦੀ ਗੱਲ ਆਖੀ ਸੀ, ਲੇਕਿਨ ਅਜੇ ਤਾਈਂ ਟਰੀਟਮੈਂਟ ਪਲਾਂਟ ਵੀ ਨਹੀਂ ਲੱਗ ਸਕਿਆ। ਇਸ ਸਬੰਧੀ ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਜੰਡਪੁਰ ਨੇੜੇ ਟਰੀਟਮੈਂਟ ਪਲਾਂਟ ਲਗਾਉਣ ਲਈ ਲੋੜੀਂਦੀ ਜ਼ਮੀਨ ਐਕਵਾਇਰ ਕਰ ਲਈ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…