
ਗਮਾਡਾ ਨੇ ਪਿੰਡ ਝਾਮਪੁਰ ਵਿੱਚ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀਆਂ ’ਤੇ ਰੋਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਗੈਰ ਕਾਨੂੰਨੀ ਕਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਹੈ। ਗਮਾਡਾ ਦੀ ਇਕ ਵਿਸ਼ੇਸ਼ ਟੀਮ ਨੇ ਅੱਜ ਨਜ਼ਦੀਕੀ ਪਿੰਡ ਝਾਮਪੁਰ ਵਿੱਚ ਗੈਰ ਕਲੋਨੀ ਇਮਾਰਤਾਂ ਦੀ ਉਸਾਰੀਆਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਨਾਲ ਹੀ ਗਮਾਡਾ ਨੇ ਮੌਕੇ ਤੋਂ ਉਸਾਰੀ ਦਾ ਕੰਮ ਕਰਨ ਵਾਲੇ ਮਜਦੂਰਾਂ ਅਤੇ ਮਿਸਤਰੀਆਂ ਦਾ ਸਮਾਨ ਵੀ ਜ਼ਬਤ ਕਰ ਲਿਆ ਹੈ।
ਗਮਾਡਾ ਦੇ ਐਸਡੀਓ (ਰੈਗੂਲੇਟਰੀ) ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਗਮਾਡਾ ਦੀ ਟੀਮ ਨੇ ਪਿੰਡ ਝਾਮਪੁਰ ਵਿੱਚ ਵੱਖ-ਵੱਖ ਬਿਲਡਰਾਂ ਵੱਲੋਂ ਕੀਤੀਆਂ ਜਾ ਰਹੀ ਅਣਅਧਿਕਾਰਤ ਉਸਾਰੀਆਂ ਦਾ ਕੰਮ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਉਸਾਰੀਆਂ ਦਾ ਕੰਮ ਰਹੇ ਅਤੇ ਕਰਵਾ ਰਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਗਮਾਡਾ ਦੀ ਟੀਮ ਦੇ ਵਾਪਸ ਮਗਰੋਂ ਇੱਥੇ ਮੁੜ ਕੋਈ ਉਸਾਰੀ ਸ਼ੁਰੂ ਕੀਤੀ ਤਾਂ ਭਲਕੇ ਗਮਾਡਾ ਦੀ ਟੀਮ ਵੱਲੋਂ ਇਨ੍ਹਾਂ ਸਾਰੀਆਂ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਝਾਮਪੁਰ ਵਿੱਚ ਬਿਲਡਰਾਂ ਵੱਲੋਂ ਦੁਬਾਰਾ ਅਣਅਧਿਕਾਰਤ ਉਸਾਰੀਆਂ ਕੀਤੀਆਂ ਗਈਆਂ ਤਾਂ ਗਮਾਡਾ ਵੱਲੋਂ ਇਸ ਸਬੰਧੀ ਐਸਐਸਪੀ ਨੂੰ ਪੁਲੀਸ ਕੇਸ ਦਰਜ ਕਰਨ ਲਈ ਪੱਤਰ ਲਿਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੰਡ ਝਾਮਪੁਰ ਗਰੀਨ ਜ਼ੋਨ ਵਿੱਚ ਆਉਂਦਾ ਹੈ। ਇੱਥੇ ਕਿਸੇ ਕਿਸਮ ਦੀ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਇਸਦੇ ਬਾਵਜੂਦ ਕੁਝ ਬਿਲਡਰਾਂ ਵੱਲੋਂ ਸਰਕਾਰੀ ਨੇਮਾਂ ਦੀ ਉਲੰਘਣਾ ਕਰਕੇ ਸ਼ਰ੍ਹੇਆਮ ਅਣਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਗਮਾਡਾ ਦੀ ਸ਼ਿਕਾਇਤ ’ਤੇ ਅਣਅਧਿਕਾਰਤ ਕਲੋਨੀਆਂ ਕੱਟਣ ਅਤੇ ਉਸਾਰੀਆਂ ਕਰਨ ਵਾਲੇ 48 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ ਗਈ ਸੀ। ਪ੍ਰੰਤੂ ਹੁਣ ਫਿਰ ਬਿਲਡਰਾਂ ਨੇ ਇਹ ਇਹ ਨਾਜਾਇਜ਼ ਧੰਦਾ ਸ਼ੁਰੂ ਕਰ ਦਿੱਤਾ ਹੈ।