Share on Facebook Share on Twitter Share on Google+ Share on Pinterest Share on Linkedin 150 ਤੋਂ ਵੱਧ ਖੋਖਿਆਂ ਤੇ ਮਕਾਨਾਂ ’ਤੇ ਚੱਲਿਆ ਗਮਾਡਾ ਦਾ ਬੁਲਡੋਜ਼ਰ, ਸਰਕਾਰ ਨੂੰ ਕੋਸਿਆ ਮੁਹਾਲੀ ਪਿੰਡ ਤੇ ਫੇਜ਼-1 ਵਿੱਚ ਸੈਂਕੜੇ ਖੋਖੇ ਤੇ ਦੁਕਾਨਾਂ ਕੀਤੀਆਂ ਤਹਿਸ ਨਹਿਸ ਗਮਾਡਾ ਅਧਿਕਾਰੀਆਂ ਨੇ ਹਾਈ ਕੋਰਟ ਦੇ ਪੁਰਾਣੇ ਆਦੇਸ਼ਾਂ ਦਾ ਦਿੱਤਾ ਹਵਾਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਅੱਜ ਮੁਹਾਲੀ ਪਿੰਡ ਅਤੇ ਫੇਜ਼-1 ਵਿੱਚ ਸੈਂਕੜੇ ਖੋਖੇ ਅਤੇ ਦੁਕਾਨਾਂ ਤਹਿਸ ਨਹਿਸ ਕੀਤੀਆਂ ਗਈਆਂ। ਗਮਾਡਾ ਨੇ ਹਾਈ ਕੋਰਟ ਦੇ ਪੁਰਾਣੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪੁਲੀਸ ਫੋਰਸ ਦੀ ਮਦਦ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਪੀੜਤ ਲੋਕਾਂ ਨੇ ਤਿੱਖਾ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਜਵਾਨਾਂ ਕਾਰਨ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ ਅਤੇ ਦੇਖਦੇ ਹੀ ਦੇਖਦੇ ਗਮਾਡਾ ਦੇ ਬੁਲਡੋਜ਼ਰਾਂ ਨੇ ਸਾਰਾ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ। ਇਸ ਮੌਕੇ ਜੁੱਲਣ ਕੁਮਾਰ, ਮਿਥੁਨ ਝਾਅ, ਸੇਵਾ ਸਿੰਘ, ਬਲਜੀਤ ਸਿੰਘ, ਗੋਲੂ ਰਾਮ, ਤੋਤਾ ਰਾਮ, ਲੱਡੂ ਅਤੇ ਹੋਰਨਾਂ ਪੀੜਤ ਵਿਅਕਤੀਆਂ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਗਮਾਡਾ ਨੇ ਤਿੰਨ ਦਿਨ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਦੁਕਾਨਾਂ ਖਾਲੀ ਕਰਨ ਦੇ ਹੁਕਮ ਚਾੜੇ ਗਏ ਸਨ ਪ੍ਰੰਤੂ ਐਨੇ ਘੱਟ ਸਮੇਂ ਵਿੱਚ ਹੋਰ ਕਿਸੇ ਢੁਕਵੀਂ ਥਾਂ ਦਾ ਪ੍ਰਬੰਧ ਕਰਨਾ ਕਾਫ਼ੀ ਮੁਸ਼ਕਲ ਸੀ। ਪੀੜਤਾਂ ਨੇ ਦੱਸਿਆ ਕਿ ਪਹਿਲਾਂ ਗਮਾਡਾ ਨੇ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇੱਥੋਂ ਉਜਾੜਨ ਤੋਂ ਪਹਿਲਾਂ ਕਿਸੇ ਹੋਰ ਥਾਂ ਪੱਕੀਆਂ ਦੁਕਾਨਾਂ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਹੀ ਨਹੀਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਪ ਲੀਡਰਸ਼ਿਪ ਨੇ ਉਨ੍ਹਾਂ ਨੂੰ ਦੁਕਾਨਾਂ ਲਈ ਥਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਸੀ ਲੇਕਿਨ ਅੱਜ ਜਦੋਂ ਗਮਾਡਾ ਟੀਮ ਪੁਲੀਸ ਬਲਾਂ ਨਾਲ ਉਨ੍ਹਾਂ ਦੀਆਂ ਦੁਕਾਨਾਂ ਤੋੜਨ ਲਈ ਪਹੁੰਚੀ ਤਾਂ ਕੋਈ ਵੀ ਆਪ ਆਗੂ ਉਨ੍ਹਾਂ ਦੇ ਬਚਾਅ ਲਈ ਅੱਗੇ ਨਹੀਂ ਆਇਆ। ਪੀੜਤ ਦੁਕਾਨਦਾਰਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਦਿਆਂ ਕਿਹਾ ਕਿ ਉਨ੍ਹਾਂ ਨੇ ਸਤਾ ਪਰਿਵਰਤਨ ਲਈ ਵੱਡੀ ਗਿਣਤੀ ਵਿੱਚ ਝਾੜੂ ਨੂੰ ਵੋਟਾਂ ਪਾਈਆਂ ਸਨ ਪਰ ਸਤਾ ਵਿੱਚ ਆਉਣ ਤਾਂ ਬਾਅਦ ਸਰਕਾਰ ਨੇ 150 ਤੋਂ ਵੱਧ ਪਰਿਵਾਰਾਂ ਨੂੰ ਬੇਰੁਜ਼ਗਾਰੀ ਭੱਠੀ ਵਿੱਚ ਠੋਕ ਕੇ ਉਨ੍ਹਾਂ ਦੇ ਬੱਚਿਆਂ ਦੇ ਮੂੰਹ ’ਚੋਂ ਰੋਟੀ ਖੋਹਣ ਦਾ ਕੰਮ ਕੀਤਾ ਹੈ। ਪੀੜਤਾਂ ਨੇ ਦੱਸਿਆ ਕਿ ਗਮਾਡਾ ਦਾ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਨ੍ਹਾਂ ਨੇ ਗੱਲ ਤੱਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਇਹ ਹੁਕਮ ਦੋ ਸਾਲ ਪੁਰਾਣੇ ਹਨ ਪ੍ਰੰਤੂ ਸਰਕਾਰ ਨੇ ਵੋਟਾਂ ਲੈਣ ਖ਼ਾਤਰ ਪਹਿਲਾਂ ਅਜਿਹੀ ਕਾਰਵਾਈ ਨਹੀਂ ਕੀਤੀ ਅਤੇ ਹੁਣ ਪੀੜਤਾਂ ਦੀ ਗੱਲ ਸੁਣਨ ਤੋਂ ਪੱਲਾ ਝਾੜ ਕੇ ਉਨ੍ਹਾਂ ਨੂੰ ਸੜਕਾਂ ’ਤੇ ਧੱਕੇ ਖਾਣ ਲਈ ਮਜਬੂਰ ਕਰ ਦਿੱਤਾ। ਪੀੜਤਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਇੱਥੇ ਛੋਟਾ ਮੋਟਾ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਸੀ ਲੇਕਿਨ ਅੱਜ ਗਮਾਡਾ ਨੇ ਸਾਰਾ ਕੁੱਝ ਮਿੱਟੀ ਕਰ ਦਿੱਤਾ। ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਆਪ ਦੇ ਹੱਕ ਵਿੱਚ ਮਤਦਾਨ ਕਰਕੇ ਉਨ੍ਹਾਂ ਨੇ ਬਹੁਤ ਵੱਡੀ ਭੁੱਲ ਕੀਤੀ ਹੈ। ਕਈ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਚੁੱਕ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਲੇਕਿਨ ਹੁਣ ਕਿਸ਼ਤਾਂ ਅਤੇ ਘਰ ਦਾ ਗੁਜ਼ਾਰਾ ਕਿੱਥੋਂ ਚੱਲੇਗਾ। ਉਨ੍ਹਾਂ ਕਿਹਾ ਕਿ ਬੇਈਮਾਨਾਂ ਦੀ ਇਸ ਸਰਕਾਰ ਨੇ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜਿਸ ਦੇ ਆਉਣ ਵਾਲੇ ਸਮੇਂ ਵਿੱਚ ਹੁਕਮਰਾਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੇਜ਼-1 ਅਤੇ ਮੁਹਾਲੀ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਬਹੁਤ ਸਾਰੇ ਲੋਕ ਗਮਾਡਾ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਸੀ। ਇਹ ਥਾਂ ਖਾਲੀ ਕਰਨ ਲਈ ਸਬੰਧਤ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ ਪ੍ਰੰਤੂ ਉਨ੍ਹਾਂ ਨੇ ਥਾਂ ਖਾਲੀ ਨਹੀਂ ਕੀਤੀ। ਇੱਥੇ 150 ਤੋਂ ਵੱਧ ਖੋਖੇ ਅਤੇ ਕੁੱਝ ਮਕਾਨ ਬਣੇ ਹੋਏ ਸਨ। ਗਮਾਡਾ ਨੇ ਅੱਜ ਆਪਣੀ 5 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਅਤੇ ਸਾਰੀ ਕਾਰਵਾਈ ਸਰਕਾਰੀ ਨੇਮਾਂ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ