
ਪਿੰਡ ਝਾਮਪੁਰ ਵਿੱਚ ਉਸਾਰੀ ਅਧੀਨ ਨਾਜਾਇਜ਼ ਕਲੋਨੀ ’ਤੇ ਚੱਲਿਆ ਗਮਾਡਾ ਦਾ ਬੁਲਡੋਜ਼ਰ
ਗਮਾਡਾ ਟੀਮ ਨੇ 5 ਦਰਜਨ ਤੋਂ ਵੱਧ ਨਾਜਾਇਜ਼ ਉਸਾਰੀਆਂ ਨੂੰ ਕੀਤਾ ਤਹਿਸ ਨਹਿਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਨਜ਼ਦੀਕੀ ਪਿੰਡ ਝਾਮਪੁਰ ਵਿੱਚ ਨਾਨਕ ਐਨਕਲੇਵ ਦੇ ਪਿੱਛੇ ਵਾਹੀਯੋਗ ਜ਼ਮੀਨ ਵਿੱਚ ਕਥਿਤ ਤੌਰ ’ਤੇ ਅਣਅਧਿਕਾਰਤ ਉਸਾਰੀਆਂ ਨੂੰ ਤਹਿਸ ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਦੌਰਾਨ ਖੇਤਾਂ ਵਿੱਚ ਕੱਟੀ ਜਾ ਰਹੀ ਗੈਰਕਾਨੂੰਨੀ ਵਿੱਚ ਤਕਰੀਬਨ 60 ਨਾਜਾਇਜ਼ ਉਸਾਰੀਆਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਇਨ੍ਹਾਂ ’ਚੋਂ ਕੁੱਝ ਇਮਾਰਤਾਂ ਦੀ ਉਸਾਰੀ ਲੈਂਟਰ ਪਾਉਣ ਤੱਕ ਪਹੁੰਚ ਚੁੱਕੀ ਸੀ ਪ੍ਰੰਤੂ ਗਮਾਡਾ ਦੀ ਟੀਮ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਉਸਾਰੀਆਂ ਨੂੰ ਢਾਹ ਦਿੱਤਾ। ਇਸ ਮੌਕੇ ਗਮਾਡਾ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਨੇ ਬਿਨਾਂ ਕਿਸੇ ਰੋਕ ਟੋਕ ਦੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ।
ਇਸ ਸਬੰਧੀ ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਖੇਤਾਂ ਵਿੱਚ ਕਥਿਤ ਅਣਅਧਿਕਾਰਤ ਤਰੀਕੇ ਨਾਲ ਪਲਾਟ ਕੱਟ ਕੇ ਵੇਚਣ ਵਾਲੇ ਕਾਲੋਨਾਈਜਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਜਿਹੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਕੇ ਕਲੋਨਾਈਜ਼ਰਾਂ ਨੂੰ ਸਖ਼ਤ ਤਾੜਨਾ ਕੀਤੀ ਜਾ ਰਹੀ ਹੈ, ਪ੍ਰੰਤੂ ਇਸਦੇ ਬਾਵਜੂਦ ਕੁੱਝ ਕਾਲੋਨਾਈਜਰ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਅਣਅਧਿਕਾਰਤ ਉਸਾਰੀਆਂ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਨਾਨਕ ਐਨਕਲੇਵ ਦੇ ਪਿੱਛੇ 60 ਉਸਾਰੀਆਂ ਢਾਹੀਆਂ ਗਈਆਂ ਹਨ ਅਤੇ ਨਾਲ ਹੀ ਕਾਲੋਨਾਈਜਰ ਵੱਲੋਂ ਬਣਾਈਆਂ ਸੜਕਾਂ ਅਤੇ ਸੀਵਰੇਜ ਲਾਈਨ ਨੂੰ ਵੀ ਤੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਣਅਧਿਕਾਰਤ ਕਲੋਨੀਆਂ ਖ਼ਿਲਾਫ਼ ਗਮਾਡਾ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।