Nabaz-e-punjab.com

ਗਮਾਡਾ ਨੇ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਪੁੱਡਾ ਭਵਨ ਵਿੱਚ ਲਾਇਆ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇਕ ਪਾਸੇ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਨਵੀਂ ਨੀਤੀ ਤਹਿਤ ਅਣਅਧਿਕਾਰਤ ਕਲੋਨੀਆਂ, ਨਾਜਾਇਜ਼ ਉਸਾਰੀਆਂ ਅਤੇ ਪਲਾਟਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੁੱਧਵਾਰ ਨੂੰ ਗਮਾਡਾ ਦੇ ਮਿਲਖ ਅਫ਼ਸਰ (ਰੈਗੂਲੇਟਰੀ) ਰੋਹਿਤ ਗੁਪਤਾ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿੱਚ ਹਫ਼ਤਾਵਾਰੀ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਅਣਅਧਿਕਾਰਤ ਕਲੋਨੀਆਂ ਦੇ ਬਿਲਡਰਾਂ ਅਤੇ ਗੈਰ-ਕਾਨੂੰਨੀ ਢੰਗ ਨਾਲ ਵਿਕਸਤ ਕੀਤੇ ਗਏ ਪ੍ਰਾਜੈਕਟਾਂ ਵਿੱਚ ਪੈਂਦੀਆਂ ਵਪਾਰਕ ਜਾਂ ਰਿਹਾਇਸ਼ੀ ਪ੍ਰਾਪਰਟੀਆਂ ਦੇ ਮਾਲਕਾਂ, ਜੋ ਕਿ ਰੈਗੂਲਰਾਈਜੇਸ਼ਨ ਲਈ ਅਪਲਾਈ ਕਰਨ ਦੇ ਇਛੁੱਕ ਹਨ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ।
ਗਮਾਡਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਿੰਡ ਘੜੂੰਆਂ, ਚੁੰਨੀ ਕਲਾਂ ਅਤੇ ਹੋਰਨਾਂ ਥਾਵਾਂ ਦੇ ਕਲੋਨਾਈਜਰ ਅਤੇ ਪਲਾਟ ਧਾਰਕ ਮੌਜੂਦ ਸਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਅਰਜ਼ੀਆਂ ਦੀ ਸਥਿਤੀ ਨੂੰ ਵਿਚਾਰਿਆ ਗਿਆ ਅਤੇ ਅਰਜ਼ੀਆਂ ਦੇ ਛੇਤੀ ਨਿਪਟਾਰੇ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਕੈਂਪ ਵਿੱਚ ਮੌਜੂਦ ਲੋਕਾਂ ਨੂੰ ਕਿਸੇ ਪ੍ਰਾਜੈਕਟ ਵਿੱਚ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਸਬੰਧਤ ਪ੍ਰਾਜੈਕਟ ਦੇ ਵੇਰਵੇ ਚੈੱਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੂੰ ਇਹ ਵੀ ਅਪੀਲ ਕੀਤੀ ਕਿ ਵੱਖ-ਵੱਖ ਇਲਾਕਿਆਂ ਵਿੱਚ ਵਿਕਸਤ ਕੀਤੀਆਂ ਜਾ ਰਹੀਆਂ ਕਲੋਨੀਆਂ, ਜੇਕਰ ਕੋਈ ਹੋਣ ਤਾਂ ਉਹ ਸਬੰਧਤ ਅਥਾਰਟੀ ਦੇ ਧਿਆਨ ਵਿੱਚ ਲਿਆਂਦੀਆਂ ਜਾਣ। ਯੋਗ ਪਾਏ ਗਏ ਬਿਨੈਕਾਰਾਂ ਨੂੰ ਕੈਂਪ ਵਿੱਚ ਰੈਗੂਲਰਾਈਜੇਸ਼ਨ ਸਰਟੀਫਿਕੇਟ (ਐਨਓਸੀ) ਜਾਰੀ ਕੀਤੇ ਗਏ ਅਤੇ ਅਯੋਗ ਪਾਏ ਗਏ ਕੇਸ ਰੱਦ ਕੀਤੇ ਗਏ। ਇਸ ਮੌਕੇ ਗਮਾਡਾ ਦੇ ਐਕਸੀਅਨ ਪਰਮਿੰਦਰ ਸਿੰਘ, ਐਸਡੀਓ ਹਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਅਤੇ ਬਿਲਡਰ ਹਾਜ਼ਰ ਸਨ।
ਉਧਰ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾਂ ਹਾਲੇ ਤੱਕ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਅਤੇ ਕਈ ਥਾਵਾਂ ਅਜੇ ਵੀ ਹੜ੍ਹਾਂ ਦਾ ਖ਼ਤਰਾ ਬਰਕਰਾਰ ਹੈ। ਮੁੱਖ ਮੰਤਰੀ ਇਹ ਵੀ ਮੰਨਦੇ ਹਨ ਕਿ ਕਈ ਥਾਵਾਂ ’ਤੇ ਅਣਅਧਿਕਾਰਤ ਕਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੈ, ਪ੍ਰੰਤੂ ਸਰਕਾਰ ਲੋਕਾਂ ਦਾ ਉਜਾੜਾ ਨਹੀਂ ਚਾਹੁੰਦੀ ਹੈ। ਇਸ ਲਈ ਅਣਅਧਿਕਾਰਤ ਕਲੋਨੀਆਂ ਤੇ ਉਸਾਰੀਆਂ ਨੂੰ ਰੈਗੂਲਰ ਕਰਨ ਅਤੇ ਹੜ੍ਹਾਂ ਨਾਲ ਨਜਿੱਠਣ ਅਤੇ ਜਲ ਨਿਕਾਸੀ ਦਾ ਢੁਕਵਾਂ ਪ੍ਰਬੰਧ ਕਰਨ ਲਈ ਵਿਚਲਾ ਰਸਤਾ ਲੱਭਿਆ ਜਾਵੇਗਾ। ਸੂਬਾ ਸਰਕਾਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੇ ਜੀਵਨ ਨੂੰ ਹਰ ਹੀਲੇ ਸੁਰੱਖਿਅਤ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਸਤੰਬਰ ਤੱਕ ਹੜ੍ਹਾਂ ਦੇ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਸਮੂਹ ਡੀਸੀਜ਼ ਅਤੇ ਹੋਰ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਲਾਕ ਮਾਜਰੀ ਵਿੱਚ ਵੀ ਨਦੀ ਵਿੱਚ ਅਣਅਧਿਕਾਰਤ ਉਸਾਰੀਆਂ ਕਾਰਨ ਪਾਣੀ ਦੀ ਨਿਕਾਸੀ ਵਿੱਚ ਦਿੱਕਤਾਂ ਆਈਆਂ ਹਨ ਅਤੇ ਕਾਫੀ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

Punjab Govt To Spend ₹426-Cr On Upgradation And Modernization Of Police Infra: DGP Punjab

Punjab Govt To Spend ₹426-Cr On Upgradation And Modernization Of Police Infra: DGP Punjab …