ਗਮਾਡਾ ਨੇ ਪਿੰਡ ਝਾਂਮਪੁਰ ਤੇ ਨੇੜਲੇ ਇਲਾਕੇ ਵਿੱਚ ਹਟਾਏ 30 ਨਾਜਾਇਜ਼ ਕਬਜ਼ੇ

ਗਮਾਡਾ ਟੀਮ ਨੇ ਕੁੱਝ ਹੁੱਲੜਬਾਜ਼ਾ ਵੱਲੋਂ ਹਮਲਾ, ਬਲੌਂਗੀ ਥਾਣੇ ਵਿੱਚ ਕਈ ਜਣਿਆਂ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਆਪਣੇ ਅਧਿਕਾਰ ਖੇਤਰ ਅਧੀਨ ਪੈਂਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਗਈਆਂ ਅਣਅਧਿਕਾਰਤ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਗਮਾਡਾ ਦਫ਼ਤਰ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਲਗਭਗ 30 ਨਾਜਾਇਜ਼ ਉਸਾਰੀਆਂ ਨੂੰ ਢਾਉਣ ਦੀ ਕਾਰਵਾਈ ਕੀਤੀ ਗਈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ਼ ਧੀਮਾਨ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਨੇ ਦੱਸਿਆ ਕਿ ਅਥਾਰਿਟੀ ਦੇ ਧਿਆਨ ਵਿੱਚ ਆਇਆ ਸੀ ਕਿ ਸਮੱਰਥ ਅਧਿਕਾਰੀ ਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਗੈਰ ਪਿੰਡ ਝਾਮਪੁਰ ਅਤੇ ਇਸ ਦੇ ਆਲੇ ਦੁਆਲੇ ਦੇ ਏਰੀਏ ਵਿਚ ਅਣ ਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ। ਅੱਜ ਦੀ ਕਾਰਵਾਈ ਵਿੱਚ ਰਿਹਾਇਸ਼ੀ ਅਤੇ ਵਪਾਰਕ ਵਰਤੋਂ ਲਈ ਕੀਤੀਆਂ ਗਈਆਂ 25-30 ਉਸਾਰੀਆਂ ਨੂੰ ਢਾਹਿਆ ਗਿਆ।
ਗਮਾਡਾ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਅਪਾਰਟਮੈਂਟ ਐੱਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) ਅਧੀਨ ਕੀਤੀ ਗਈ। ਇਹ ਕਾਰਵਾਈ ਜੋ ਕਿ ਸਵੇਰੇ 11 ਵਜੇ ਸ਼ੁਰੂ ਹੋਈ, ਲਗਭਗ 6 ਘੰਟੇ ਜਾਰੀ ਰਹੀ। ਇਹ ਸਾਰੀ ਕਾਰਵਾਈ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਅਸਟੇਟ ਅਫ਼ਸਰ (ਰੈਗੁੂਲੇਟਰੀ) ਦੀ ਅਗਵਾਈ ਹੇਠ 35-40 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਦੀ ਮਦਦ ਨਾਲ ਮੁਕੰਮਲ ਕੀਤੀ ਗਈ। ਇਸ ਕਾਰਵਾਈ ਵਿੱਚ 3 ਜੇਸੀਬੀ ਮਸ਼ੀਨਾਂ ਵਰਤੋਂ ਵਿੱਚ ਲਿਆਂਦੀਆਂ ਗਈਆਂ। ਇਹਨਾਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਗਈ ਟੀਮ ਉੱਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 1 ਜੇਸੀਬੀ ਮਸ਼ੀਨ ਨੂੰ ਨੁਕਸਾਨ ਪੁੱਜਾ ਹੈ ਪਰ ਮੌਕੇ ’ਤੇ ਮੌਜੂਦ ਕਿਸੇ ਵੀ ਅਧਿਕਾਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਉਧਰ, ਗਮਾਡਾ ਦੀ ਉਕਤ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਕੀਤਾ ਗਿਆ। ਬਲੌਂਗੀ ਥਾਣੇ ਵਿੱਚ ਪਿੰਡ ਮਲੋਆ ਦੇ ਵਸਨੀਕਾਂ ਰਾਜੂ, ਗੋਲੂ, ਮੋਦੀ ਅਤੇ 15-20 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਸਰਕਾਰੀ ਕਾਰਵਾਈ ਵਿੱਚ ਦਖ਼ਲ ਦੇਣ ਲਈ ਕਾਰਵਾਈ ਕਰਨ ਲਈ ਲਿਖਿਤ ਰੂਪ ਵਿੱਚ ਸੂਚਿਤ ਕੀਤਾ ਗਿਆ ਹੈ। ਜਿਨ੍ਹਾਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਰਾਜੇਸ ਧੀਮਾਨ ਨੇ ਦੱਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਆਮ ਜਨਤਾ ਨੂੰ ਸਾਵਧਾਨ ਕਰਦੇ ਹੋਏ ਅਪੀਲ ਕੀਤੀ ਹੈ ਕਿ ਉਹ ਗਮਾਡਾ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਕਿਸੇ ਵੀ ਪਿੰਡ ਦੀ ਫਿਰਨੀ/ਲਾਲ ਡੋਰੇ ਤੋਂ ਬਾਹਰ ਪੈਂਦੀ ਜਮੀਨ ਉੱਤੇ ਸਮਰੱਥ ਅਧਿਕਾਰੀ ਦੀ ਅਗਾਊਂ ਪ੍ਰਵਾਨਗੀ ਤੋਂ ਬਗੈਰ ਕੋਈ ਵੀ ਉਸਾਰੀ/ਮੁੜ ਉਸਾਰੀ ਨਾ ਕਰਨ ਜਾਂ ਚੇਂਜ ਆਫ਼ ਲੈਂਡ ਯੂਜ਼ ਪ੍ਰਾਪਤ ਕਰੇ ਬਗੈਰ ਕੋਈ ਵੀ ਕਲੋਨੀ ਨਾ ਕੱਟਣ ਅਤੇ ਨਾਲ ਹੀ ਲਾਇਸੈਂਸ ਪ੍ਰਾਪਤ ਕੀਤੇ ਬਿਨਾਂ ਕਿਸੇ ਵੀ ਜ਼ਮੀਨ ਨੂੰ ਪਲਾਟਾਂ ਵਿੱਚ ਤਬਦੀਲ ਨਾ ਕਰਨ। ਉਹਨਾਂ ਕਿਹਾ ਕਿ ਅੱਜ ਦੀ ਇਹ ਕਾਰਵਾਈ ਉਹਨਾਂ ਸਾਰਿਆਂ ਲਈ ਇੱਕ ਚਿਤਾਵਨੀ ਹੈ ਜੋ ਕਿ ਨਾਜਾਇਜ਼ ਉਸਾਰੀਆਂ ਕਰ ਰਹੇ ਹਨ ਜਾਂ ਅਣਅਧਿਕਾਰਤ ਕਲੋਨੀਆਂ ਵਸਾ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਰਾਜ ਵਿੰਚ ਮੌਜੂਦ ਵੱਖ-ਵੱਖ ਵਿਕਾਸ ਅਥਾਰਿਟੀਆਂ ਦੇ ਅਧਿਕਾਰ ਖੇਤਰ ਵਿੱਚ ਵੀ ਅੱਜ ਦੀ ਮੁਹਿੰਮ ਦੀ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।
ਉਧਰ, ਥਾਣਾ ਬਲੌਂਗੀ ਦੇ ਮੁੱਖ ਥਾਣਾ ਅਫ਼ਸਰ ਸ੍ਰੀ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਗਮਾਡਾ ਦੀ ਸ਼ਿਕਾਇਤ ’ਤੇ ਰਾਜੂ, ਮੋਦੀ ਤੇ ਗੋਲੂ ਸਮੇਤ ਹੋਰਨਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਵੇਰੇ ਗਮਾਡਾ ਦੀ ਟੀਮ ਘੱਟ ਫੋਰਸ ਲੈ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਗਈ ਸੀ ਲੇਕਿਨ ਜਦੋਂ ਕੁੱਝ ਸ਼ਰਾਰਤੀ ਅਨਸਰਾਂ ਨੇ ਗਮਾਡਾ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ ਤਾਂ ਅਧਿਕਾਰੀਆਂ ਦੀ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Load More Related Articles

Check Also

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…