Nabaz-e-punjab.com

ਗਮਾਡਾ ਨੇ ਬੜਮਾਜਰਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ, ਪੱਥਰ ਲੱਗਣ ਕਾਰਨ ਸਬ ਇੰਸਪੈਕਟਰ ਜ਼ਖ਼ਮੀ

ਮਕਾਨ ਢਾਹੁਣ ਵੇਲੇ ਪਰਿਵਾਰ ਨੇ ਅੰਦਰੋਂ ਕੁੰਡੀ ਬੰਦ ਕੀਤੀ, ਪ੍ਰਵਾਸ ਮਜ਼ਦੂਰਾਂ ਨੇ ਇਕੱਠੇ ਹੋ ਕੇ ਬੋਲਿਆ ਹਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸ਼ੁੱਕਰਵਾਰ ਨੂੰ ਡਿਊਟੀ ਮੈਜਿਸਟਰੇਟ-ਕਮ-ਤਹਿਸੀਲਦਾਰ ਵਰਿੰਦਰ ਸਿੰਘ ਧੂਤ ਦੀ ਨਿਗਰਾਨੀ ਹੇਠ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਗਮਾਡਾ ਦੇ ਐਸਡੀਓ ਹਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚਸਮਾਸ਼ਾਹੀ ਪੈਲੇਸ ਦੇ ਪਿੱਛੇ ਇਕ ਅਣਅਧਿਕਾਰਤ ਦੁਕਾਨ ਨੂੰ ਢਾਹਿਆ ਗਿਆ। ਇਸ ਮਗਰੋਂ ਜਿਵੇਂ ਹੀ ਗਮਾਡਾ ਦੇ ਕਰਮਚਾਰੀ ਨੇੜੇ ਹੀ ਬੜਮਾਜਰਾ ਵਿੱਚ ਇਕ ਮਕਾਨ ਨੂੰ ਢਾਹੁਣ ਲੱਗੇ ਤਾਂ ਪਰਿਵਾਰ ਦੇ ਜੀਆ ਨੇ ਅੰਦਰੋਂ ਕੁੰਡੀ ਲਗਾ ਲਈ।
ਤਹਿਸੀਲਦਾਰ ਵਰਿੰਦਰ ਸਿੰਘ ਧੂਤ ਨੇ ਦੱਸਿਆ ਕਿ ਇਸ ਦੌਰਾਨ ਜਿਵੇਂ ਕਰਮਚਾਰੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਮਕਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਮਕਾਨ ਮਾਲਕ ਅਤੇ ਹੋਰਨਾਂ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੂੰ ਗੱਲੀਬਾਤੀਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਪ੍ਰਵਾਸੀ ਮਜ਼ਦੂਰਾਂ ਨੇ ਇੱਟਾਂ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਡਿਊਟੀ ’ਤੇ ਤਾਇਨਾਤ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਕਰ ਰਹੇ ਡਾ. ਚਰਨ ਕਮਲ ਨੇ ਦੱਸਿਆ ਕਿ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਦੇ ਸਿਰ ਵਿੱਚ ਪੱਥਰ ਲੱਗਣ ਕਾਰਨ ਗੰਭੀਰ ਸੱਟ ਵੱਜੀ ਹੈ। ਉਸ ਦੇ ਸਿਰ ਵਿੱਚ 5 ਟਾਂਕੇ ਲਗਾਏ ਗਏ ਹਨ। ਡਾਕਟਰ ਅਨੁਸਾਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਉਹ ਜਲਦੀ ਹੀ ਠੀਕ ਹੋ ਜਾਣਗੇ।
ਤਹਿਸੀਲਦਾਰ ਵਰਿੰਦਰ ਧੂਤ ਨੇ ਦੱਸਿਆ ਕਿ ਅੱਜ ਬੜਮਾਜਰਾ ਵਿੱਚ ਲਗਭਗ 20 ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕਣ ਨੂੰ ਫੜ ਕੇ ਪੁਲੀਸ ਬਲੌਂਗੀ ਥਾਣੇ ਲੈ ਗਈ ਹੈ। ਉਧਰ, ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …