
ਗਮਾਡਾ ਨੇ ਬਹਿਲਲੋਲਪੁਰ ਤੇ ਝਾਮਪੁਰ ਵਿੱਚ ਤਿੰਨ ਦਰਜਨ ਨਾਜਾਇਜ਼ ਉਸਾਰੀਆਂ ਢਾਹੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਨਜ਼ਦੀਕੀ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਵਿੱਚ ਤਿੰਨ ਦਰਜਨ ਨਾਜਾਇਜ਼ ਉਸਾਰੀਆਂ ਨੂੰ ਤਹਿਸ ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਗਮਾਡਾ ਦੇ ਜੇਈ ਵਰੁਣ ਕੁਮਾਰ ਦੀ ਅਗਵਾਈ ਵਾਲੀ ਟੀਮ ਅੰਜਾਮ ਦਿੱਤਾ। ਪਿੰਡ ਝਾਮਪੁਰ ਵਿੱਚ ਬਣ ਰਹੀ ਗੁਰੂ ਨਾਨਕ ਕਲੋਨੀ ਅਤੇ ਹੋਰ ਨਵੀਆਂ ਕਲੋਨੀਆਂ ਵਿੱਚ 35 ਨਾਜਾਇਜ਼ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ।
ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਸਰਕਾਰੀ ਨੇਮਾਂ ਨੂੰ ਸਿੱਕੇ ’ਤੇ ਟੰਗ ਕੇ ਬਣ ਰਹੀਆਂ ਨਾਜਾਇਜ਼ ਕਲੋਨੀਆਂ ਅਤੇ ਅਣਅਧਿਕਾਰਤ ਉਸਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਲੋਲਪੁਰ ਵਿੱਚ 5 ਅਣਅਧਿਕਾਰਤ ਉਸਾਰੀਆਂ ਅਤੇ ਝਾਮਪੁਰ ਵਿੱਚ ਬਣੀ ਗੁਰੂ ਨਾਨਕ ਕਾਲੋਨੀ ਅਤੇ ਵੱਖ-ਵੱਖ ਨਵੀਂ ਕਲੋਨੀਆਂ ਵਿੱਚ ਬਣੀਆਂ 30 ਉਸਾਰੀਆਂ ਨੂੰ ਢਾਹਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕਲੋਨੀਆਂ ਦੀਆਂ ਸੜਕਾਂ ਨੂੰ ਪੁੱਟ ਕੇ ਡੂੰਘੇ ਖੱਡੇ ਬਣਾਏ ਗਏ ਅਤੇ ਸੀਵਰੇਜ ਲਾਈਨ ਵੀ ਤਹਿਸ ਨਹਿਸ ਕੀਤੀ ਗਈ।
ਉਨ੍ਹਾਂ ਕਿਹਾ ਕਿ ਨਵੀਂ ਕਲੋਨੀਆ ਵਿੱਚ ਹੋ ਰਹੀ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਵੀ ਗਮਾਡਾ ਦੀ ਸ਼ਿਕਾਇਤ ’ਤੇ 48 ਤੋਂ ਵੱਧ ਬਿਲਡਰਾਂ ਖ਼ਿਲਾਫ਼ ਐਫ਼ਆਈਆਰ ਦਰਜ ਕਰਵਾਈ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਨੇੜਲੇ ਪੇਂਡੂ ਖੇਤਰ ਵਿੱਚ ਸਰਕਾਰੀ ਨੇਮਾਂ ਦੀ ਉਲੰਘਣਾ ਕਰਕੇ ਖੇਤਾਂ ਵਿੱਚ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ। ਇਹੀ ਨਹੀਂ ਕਈ ਵਿਅਕਤੀਆਂ ਵੱਲੋਂ ਖੇਤਾਂ ਵਿੱਚ ਕਲੋਨੀਆਂ ਕੱਟ ਦਿੱਤੀਆਂ ਗਈਆਂ ਹਨ, ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।