
ਗਮਾਡਾ ਨੇ ਪੇਂਡੂ ਖੇਤਰ ਵਿੱਚ ਅਣਅਧਿਕਾਰਤ ਕਲੋਨੀਆਂ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਕੋਵਿਡ-19 ਕਾਰਨ ਬੰਦ ਪਈ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਮੁੜ ਸ਼ੁਰੂ, 100 ਉਸਾਰੀਆਂ ਢਾਹੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪੇਂਡੂ ਖੇਤਰ ਵਿੱਚ ਜ਼ਮੀਨਾਂ ’ਤੇ ਅਣਅਧਿਕਾਰਤ ਕਲੋਨੀਆਂ ਕੱਟ ਕੇ ਪਲਾਟ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਗਮਾਡਾ ਦੇ ਨਾਜਾਇਜ਼ ਕਬਜ਼ੇ ਹਟਾਊ ਦਸਤੇ ਦੀ ਟੀਮ ਨੇ ਪਿੰਡ ਬਹਿਲੋਲਪੁਰ, ਝਾਮਪੁਰ, ਭੁੱਖੜੀ, ਦਾਉਂ ਮਾਜਰਾ ਅਤੇ ਰਡਿਆਲਾ ਵਿੱਚ ਕਰੀਬ 100 ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ ਹੈ।
ਪਿੰਡ ਬਹਿਲੋਲਪੁਰ ਵਿੱਚ ਉਸਾਰੀ ਅਧੀਨ ਅਣਅਧਿਕਾਰਤ ਕਲੋਨੀ ਦੇ ਮਾਲਕਾਂ ਵੱਲੋਂ ਮਿੱਟੀ ਪਾ ਕੇ ਸੜਕ ਬਣਾਈ ਗਈ ਸੀ ਅਤੇ ਉੱਥੇ ਸੀਵਰੇਜ ਦੇ ਟੈਂਕ ਬਣਾਏ ਗਏ ਸੀ। ਜਿਸ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ ਗਿਆ। ਪਿੰਡ ਝਾਮਪੁਰ ਵਿੱਚ ਖਾਲੀ ਪਲਾਟਾਂ ’ਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਅਤੇ ਕੰਧਾਂ ਨੂੰ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ। ਪਿੰਡ ਭੁੱਖੜੀ ਵਿੱਚ ਨਵੀਂ ਬਣਾਈ ਜਾ ਰਹੀ ਇਕ ਅਣਅਧਿਕਾਰਤ ਕਲੋਨੀ, ਜਿੱਥੇ ਕਿ ਸਸਤੇ ਪਲਾਟ ਅਤੇ ਸਸਤੀਆਂ ਦੁਕਾਨਾਂ ਵੇਚਣ ਸਬੰਧੀ ਬਕਾਇਦਾ ਸੂਚਨਾ ਬੋਰਡ ਲਗਾਏ ਗਏ ਸਨ। ਇੱਥੇ ਕੀਤੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਵੀ ਗਮਾਡਾ ਨੇ ਤਹਿਸ ਨਹਿਸ ਕਰ ਦਿੱਤਾ ਹੈ। ਪਿੰਡ ਰਡਿਆਲਾ ਵਿੱਚ ਵੀ ਅਜਿਹੀਆਂ ਕਈ ਉਸਾਰੀਆਂ ਢਾਹੀਆਂ ਗਈਆਂ ਹਨ।
ਉਧਰ, ਗਮਾਡਾ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਉਕਤ ਅਣਅਧਿਕਾਰਤ ਕਲੋਨੀਆਂ ਵਿੱਚ ਕੀਤੀਆਂ ਜਾ ਰਹੀਆਂ ਉਸਾਰੀਆਂ ’ਤੇ ਮੁਕੰਮਲ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਕਰਫਿਊ ਅਤੇ ਲੌਕਡਾਊਨ ਕਾਰਨ ਗਮਾਡਾ ਦੀ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਕਾਰਵਾਈ ਬੰਦ ਪਈ ਸੀ। ਲੇਕਿਨ ਹੁਣ ਗਮਾਡਾ ਨੇ ਮੁੜ ਤੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਮਾਲਕ ਅਤੇ ਕਲੋਨਾਈਜਰ ਬਾਜ ਨਹੀਂ ਆਏ ਤਾਂ ਉਨ੍ਹਾਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਲਈ ਲਿਖਿਆ ਜਾਵੇਗਾ।