Nabaz-e-punjab.com

ਗਮਾਡਾ ਨੇ ਮੁਹਾਲੀ ਮੋਟਰ ਮਾਰਕੀਟ ਦੀਆਂ ਬਾਕੀ ਰਹਿੰਦੀਆਂ ਦੁਕਾਨਾਂ ਦਾ ਡਰਾਅ ਕੱਢਿਆ

ਮੋਟਰ ਮਾਰਕੀਟ ਫੇਜ਼-7 ਵਿੱਚ ਦੁਕਾਨਦਾਰਾਂ ਤੇ ਮਕੈਨਿਕਾਂ ਨੇ ਲੱਡੂ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇੱਥੋਂ ਦੇ ਫੇਜ਼-11 ਵਿੱਚ ਉਸਾਰੀ ਜਾ ਰਹੀ ਮੋਟਰ ਮਾਰਕੀਟ (ਬਲਕ ਮਾਰਕੀਟ ਦੇ ਨੇੜੇ) ਦੀਆਂ ਬਾਕੀ ਰਹਿੰਦੀਆਂ ਦੁਕਾਨਾਂ ਦਾ ਡਰਾਅ ਅੱਜ ਕੱਢਿਆ ਗਿਆ। ਗਮਾਡਾ ਭਵਨ ਵਿੱਚ ਅਧਿਕਾਰੀਆਂ ਵੱਲੋਂ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਣਾ ਅਤੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ 18 ਸ਼ੋਅਰੂਮਾਂ ਅਤੇ 20 ਬੂਥਾਂ ਦੇ ਡਰਾਅ ਕੱਢੇ ਗਏ। ਗਮਾਡਾ ਦੀ ਇਸ ਕਾਰਵਾਈ ਨਾਲ ਮਾਰਕੀਟ ਵਿੱਚ ਦੁਕਾਨਦਾਰਾਂ ਨੂੰ ਸ਼ੋਅਰੂਮ ਅਤੇ ਬੂਥਾਂ ਪਲਾਟਾਂ ਦੇ ਕਬਜ਼ੇ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਗਮਾਡਾ ਦੇ ਮੁੱਖ ਇੰਜੀਨੀਅਰ ਸੁਨੀਲ ਕਾਂਸਲ, ਮਿਲਖ ਅਫ਼ਸਰ ਮਹੇਸ਼ ਬਾਂਸਲ, ਟਾਊਨ ਪਲਾਨਰ ਗੁਰਦੇਵ ਸਿੰਘ ਦੀ ਹਾਜ਼ਰੀ ਵਿੱਚ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਲਈ ਅੱਜ ਇਹ ਡਰਾਅ ਕੱਢਿਆ ਗਿਆ।
ਮੋਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਣਾ ਨੇ ਦੱਸਿਆ ਕਿ ਗਮਾਡਾ ਵੱਲੋਂ ਬੂਥਾਂ ਲਈ 14 ਲੱਖ ਰੁਪਏ ਸ਼ੋਅਰੂਮ ਲਈ 65 ਲੱਖ ਰੁਪਏ ਦੀ ਕੀਮਤ ਨਿਰਧਾਰਿਤ ਕੀਤੀ ਗਈ ਹੈ ਅਤੇ ਹੁਣ ਡਰਾਅ ਨਿਕਲਣ ਤੋਂ ਬਾਅਦ ਗਮਾਡਾ ਵੱਲੋਂ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ। ਉਪਰੰਤ ਮਕੈਨਿਕਾਂ ਅਤੇ ਦੁਕਾਨਦਾਰਾਂ ਵੱਲੋਂ ਕਬਜ਼ਾ ਲੈ ਕੇ ਦੁਕਾਨਾਂ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਡਰਾਅ ਕੱਢਣ ਦੀ ਇਸ ਕਾਰਵਾਈ ਦੇ ਮੁਕੰਮਲ ਹੋਣ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਮੁਹਾਲੀ ਦੀ ਕਮਲਾ ਮਾਰਕੀਟ ਅਤੇ ਫੇਜ਼-7 ਵਿੱਚ ਚੱਲਦੀਆਂ ਵੱਖ ਵੱਖ ਮੋਟਰ ਮਾਰਕੀਟਾਂ ਦੇ ਦੁਕਾਨਦਾਰਾਂ ਅਤੇ ਮਕੈਨਿਕਾਂ ਨੂੰ ਬੂਥ ਅਤੇ ਸ਼ੋਅਰੂਮ ਦੇਣ ਲਈ ਗਮਾਡਾ ਨੇ ਅਰਜ਼ੀਆਂ ਮੰਗੀਆਂ ਸਨ। ਇਸ ਤਰ੍ਹਾਂ ਕੁੱਲ 247 (ਬੂਥਾਂ ਲਈ 204 ਅਤੇ ਸ਼ੋਅਰੂਮਾਂ ਲਈ 43) ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਬਾਅਦ ਵਿੱਚ ਸ਼ੋਅਰੂਮਾਂ ਸਾਈਟਾਂ ਦੀ ਅਰਜ਼ੀ ਦੇਣ ਵਾਲਿਆਂ ’ਚੋਂ 5 ਬਿਨੈਕਾਰਾਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਗਈਆਂ ਸਨ। ਗਮਾਡਾ ਵੱਲੋਂ 204 ਬੂਥਾਂ ਲਈ ਪਹਿਲਾਂ ਹੀ ਡਰਾਅ ਕੱਢ ਦਿੱਤਾ ਗਿਆ ਸੀ ਅਤੇ ਬਾਕੀ ਦੇ 38 ਸ਼ੋਅਰੂਮਾਂ ਲਈ ਡਰਾਅ ਕੱਢੇ ਜਾਣੇ ਸਨ। ਇਸ ਦੌਰਾਨ ਇਨ੍ਹਾਂ ’ਚੋਂ 20 ਵਿਅਕਤੀਆਂ ਨੇ ਗਮਾਡਾ ਤੱਕ ਪਹੁੰਚ ਕਰਕੇ ਸ਼ੋਅਰੂਮ ਦੀ ਥਾਂ ’ਤੇ ਬੂਥ ਦੇਣ ਦੀ ਮੰਗ ਕੀਤੀ ਗਈ। ਗਮਾਡਾ ਵੱਲੋਂ 20 ਬੂਥਾਂ ਅਤੇ 18 ਸ਼ੋਅਰੂਮਾਂ ਦਾ ਡਰਾਅ ਕੱਢਿਆ ਗਿਆ ਹੈ।
ਇਸ ਮੌਕੇ ਮੋਟਰ ਮਾਰਕੀਟ ਫੇਜ਼-7 ਤੋਂ ਕਰਮ ਚੰਦ ਸ਼ਰਮਾ, ਲਲਿਤ ਸ਼ਰਮਾ, ਬਲਵਿੰਦਰ ਸਿੰਘ ਬੱਲ, ਉਪਕਾਰ ਸਿੰਘ, ਅਰੁਣ ਕੁਮਾਰ, ਬਲਵਿੰਦਰ ਸਿੰਘ ਢਿੱਲੋਂ, ਫੇਜ਼-1 ਤੋਂ ਫੌਜਾ ਸਿੰਘ, ਹਰਦੇਵ ਸਿੰਘ ਲਾਲੀ, ਅਮਿਤ ਕਾਂਸਲ, ਹਰਿੰਦਰ ਸਿੰਘ ਸੈਣੀ, ਰਣਜੀਤ ਸਿੰਘ, ਪਰਮਿੰਦਰ ਸਿੰਘ ਸੋਨੀ ਅਤੇ ਬਲਜਿੰਦਰ ਸਿੰਘ ਚੀਮਾ ਹਾਜ਼ਰ ਸਨ। ਇਸ ਮੌਕੇ ਫੇਜ਼-7 ਵਿੱਚ ਡਰਾਅ ਨਿਕਲਣ ਦੀ ਖੁਸ਼ੀ ਵਿੱਚ ਦੁਕਾਨਦਾਰਾਂ ਅਤੇ ਮਕੈਨਿਕਾਂ ਨੇ ਲੱਡੂ ਵੰਡੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…