Nabaz-e-punjab.com

ਗਮਾਡਾ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ ਰਿਕਾਰਡ 1935 ਕਰੋੜ ਰੁਪਏ ਕਮਾਏ

6 ਗਰੁੱਪ ਹਾਊਸਿੰਗ ਸਾਈਟਾਂ ਸਮੇਤ ਕੁੱਲ 47 ਜਾਇਦਾਦਾਂ ਦੀ ਕੀਤੀ ਨਿਲਾਮੀ

ਗਮਾਡਾ ਨੇ ਈ-ਨਿਲਾਮੀ ’ਚ ਸਭ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਵੇਚਣ ਦਾ ਰਿਕਾਰਡ ਬਣਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੀਆਂ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਗਮਾਡਾ ਨੇ ਜਾਇਦਾਦਾਂ ਦੀ ਨਿਲਾਮੀ ਤੋਂ 1935.88 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਇਦਾਦਾਂ, ਜਿਨ੍ਹਾਂ ਵਿੱਚ ਗਰੁੱਪ ਹਾਊਸਿੰਗ, ਕਮਰਸ਼ੀਅਲ, ਨਰਸਿੰਗ ਹੋਮ, ਆਈਟੀ ਉਦਯੋਗਿਕ ਪਲਾਟ, ਐਸਸੀਓਜ਼ ਅਤੇ ਬੂਥ ਸ਼ਾਮਲ ਹਨ। ਗਮਾਡਾ ਦੇ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਆਈਟੀ ਸਿਟੀ, ਐਰੋਸਿਟੀ ਅਤੇ ਸ਼ਹਿਰ ਦੇ ਹੋਰ ਸੈਕਟਰਾਂ ਵਿੱਚ ਸਥਿਤ ਹਨ। ਜ਼ਿਕਰਯੋਗ ਹੈ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸ਼ੁਰੂ ਹੋਈ ਸੀ।
ਅੱਜ ਦੇਰ ਸ਼ਾਮ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਅਮਨ ਅਰੋੜਾ ਨੇ ਈ-ਨਿਲਾਮੀ ਨੂੰ ਸਫ਼ਲ ਕਰਾਰ ਦਿੰਦੇ ਹੋਏ ਦੱਸਿਆ ਕਿ ਕਿਸੇ ਇਕ ਈ-ਨਿਲਾਮੀ ਵਿੱਚ ਗਮਾਡਾ ਵੱਲੋਂ ਹੁਣ ਤੱਕ ਇਹ ਸਭ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਵੇਚੀਆਂ ਗਈਆਂ ਹਨ। ਉਨ੍ਹਾਂ ਸਾਰੇ ਸਫ਼ਲ ਬੋਲੀਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਮਾਡਾ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਲਈ ਹਰ ਸੰਭਵ ਸਹਿਯੋਗ ਦੇਵੇਗਾ।
ਅਮਨ ਅਰੋੜਾ ਨੇ ਕਿਹਾ ਕਿ 6 ਗਰੁੱਪ ਹਾਊਸਿੰਗ ਸਾਈਟਾਂ ਬੋਲੀ ਲਈ ਉਪਲਬਧ ਸਨ ਅਤੇ ਇਨ੍ਹਾਂ ਸਾਰੀਆਂ ਨੂੰ ਖਰੀਦਦਾਰ ਮਿਲ ਗਏ। ਸੈਕਟਰ-83 ਅਲਫ਼ਾ, ਆਈਟੀ ਸਿਟੀ ਵਿੱਚ ਸਥਿਤ ਗਰੁੱਪ ਹਾਊਸਿੰਗ ਸਾਈਟ ਨੰਬਰ-7 ਲਈ 325.59 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਲੱਗੀ। ਉਨ੍ਹਾਂ ਦੱਸਿਆ ਕਿ ਇਹ ਸਾਈਟ ਲਗਪਗ 8 ਏਕੜ ਰਕਬੇ ਵਿੱਚ ਫੈਲੀ ਹੋਈ ਹੈ। ਇਸੇ ਥਾਂ ’ਤੇ 8 ਏਕੜ ਰਕਬੇ ਵਿੱਚ ਫੈਲੀ ਇੱਕ ਹੋਰ ਗਰੁੱਪ ਹਾਊਸਿੰਗ ਸਾਈਟ ਨੰਬਰ-8 ਨੂੰ 293.49 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ।
ਸੈਕਟਰ-88 ਦੀ ਗਰੁੱਪ ਹਾਊਸਿੰਗ ਸਾਈਟ ਨੰਬਰ-5 ਲਈ 301.21 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਅਤੇ ਇੱਥੇ ਹੀ ਇਕ ਹੋਰ ਗਰੁੱਪ ਹਾਊਸਿੰਗ ਸਾਈਟ ਨੰਬਰ-4 197.47 ਕਰੋੜ ਰੁਪਏ ਵਿੱਚ ਨਿਲਾਮ ਕੀਤੀ ਗਈ ਜਦੋਂਕਿ ਸੈਕਟਰ-66 ਵਿੱਚ ਲਗਪਗ 4.40 ਏਕੜ ਰਕਬੇ ਦੀ ਗਰੁੱਪ ਹਾਊਸਿੰਗ ਸਾਈਟ ਲਈ 211.32 ਕਰੋੜ ਰੁਪਏ ਦੀ ਸਫ਼ਲ ਬੋਲੀ ਲੱਗੀ। ਇਸੇ ਸੈਕਟਰ ਦੀ ਇੱਕ ਹੋਰ ਸਾਈਟ ਤੋਂ ਬੋਲੀ ਦੌਰਾਨ 147.72 ਕਰੋੜ ਰੁਪਏ ਦੀ ਕਮਾਈ ਹੋਈ।
ਅਮਨ ਅਰੋੜਾ ਨੇ ਦੱਸਿਆ ਕਿ ਐਰੋਸਿਟੀ ਵਿੱਚ ਕਮਰਸ਼ੀਅਲ ਸਾਈਟ ਦੀ ਬੋਲੀ ਲਗਪਗ 203.80 ਕਰੋੜ ਰੁਪਏ ਅਤੇ ਸੈਕਟਰ-69 ਵਿੱਚ ਨਰਸਿੰਗ ਹੋਮ ਸਾਈਟ ਦੀ ਬੋਲੀ 13.94 ਕਰੋੜ ਤੱਕ ਗਈ। ਇਸ ਤੋਂ ਇਲਾਵਾ ਆਈਟੀ ਸਿਟੀ ਵਿੱਚ 9 ਆਈਟੀ ਉਦਯੋਗਿਕ ਪਲਾਟਾਂ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਸਾਰੀਆਂ ਹੀ ਵਿਕ ਗਈਆਂ। ਇਸ ਤੋਂ ਇਲਾਵਾ ਸੈਕਟਰ-69 ਵਿੱਚ 19 ਐਸਸੀਓਜ਼ ਅਤੇ 38 ਬੂਥ ਵੀ ਬੋਲੀ ਲਈ ਉਪਲਬਧ ਸਨ। ਜਿਨ੍ਹਾਂ ’ਚੋਂ 2 ਐਸਸੀਓਜ਼ ਅਤੇ 28 ਬੂਥ ਹੱਥੋਂ ਹੱਥੀ ਵਿਕ ਗਏ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਅੰਤਿਮ ਬੋਲੀ ਦੀ ਕੀਮਤ ਦਾ 10 ਫੀਸਦੀ ਅਤੇ 2 ਫੀਸਦੀ ਸੈੱਸ ਦਾ ਭੁਗਤਾਨ ਕਰਨ ’ਤੇ ਸਫ਼ਲ ਬੋਲੀਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤਾ ਜਾਵੇਗਾ। ਬੋਲੀਕਾਰਾਂ ਵੱਲੋਂ ਅੰਤਿਮ ਬੋਲੀ ਦੀ ਕੀਮਤ ਦੀ 15 ਫੀਸਦੀ ਰਾਸ਼ੀ ਜਮ੍ਹਾਂ ਕਰਵਾਏ ਜਾਣ ’ਤੇ ਉਨ੍ਹਾਂ ਨੂੰ ਸਬੰਧਤ ਸਾਈਟਾਂ ਦਾ ਕਬਜ਼ਾ ਸੌਂਪਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੰਮ-ਕਾਜ ’ਤੇ ਵੱਡਾ ਭਰੋਸਾ ਜਤਾਇਆ ਹੈ ਅਤੇ ਭਵਿੱਖ ਵਿੱਚ ਵੀ ਸਰਕਾਰ ਵੱਲੋਂ ਖਰੀਦਦਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…