
ਗਮਾਡਾ ਵੱਲੋਂ ਮੈਗਾ ਹਾਊਸਿੰਗ ਪ੍ਰਾਜੈਕਟ ਦੀ ਪੜਤਾਲ ਲਈ ਵਿਸ਼ੇਸ਼ ਰੀਵਿਊ ਕਮੇਟੀ ਦਾ ਗਠਨ
ਮੈਗਾ ਹਾਊਸਿੰਗ ਪ੍ਰਾਜੈਕਟ ਲਈ ਜਾਰੀ ਅੰਸ਼ਿਕ ਮੁਕੰਮਲ ਸਰਟੀਫਿਕੇਟ ’ਤੇ ਸਵਾਲ ਉੱਠੇ
ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਇੱਥੋਂ ਦੇ ਨਵ-ਨਿਰਮਾਣ ਅਧੀਨ ਸੈਕਟਰ-110 ਅਤੇ ਸੈਕਟਰ-111 ਵਿੱਚ ਟੀਡੀਆਈ ਸਿਟੀ ਵੱਲੋਂ ਉਸਾਰੇ ਜਾ ਰਹੇ ਮੈਗਾ ਹਾਊਸਿੰਗ ਪ੍ਰਾਜੈਕਟ ਲਈ ਜਾਰੀ ਅੰਸ਼ਿਕ ਮੁਕੰਮਲ ਸਰਟੀਫਿਕੇਟ (ਪਾਰਸ਼ਿਅਲ ਕੰਪਲੀਸ਼ੀਅਨ ਸਰਟੀਫਿਕੇਟ) ਦੀ ਨਵੇਂ ਸਿਰਿਓਂ ਡੂੰਘਾਈ ਨਾਲ ਪੜਤਾਲ ਕਰਨ ਲਈ ਵਿਸ਼ੇਸ਼ ਰੀਵਿਊ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਾਰਵਾਈ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ (ਆਰ.ਡਬਲਿਊ.ਐਸ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਬੀਤੀ 6 ਅਕਤੂਬਰ ਨੂੰ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨੇ ਆਰ.ਡਬਲਿਊ.ਐਸ ਦੇ ਨੁਮਾਇੰਦਿਆਂ ਦੀ ਨਿੱਜੀ ਤੌਰ ’ਤੇ ਸੁਣਵਾਈ ਦੌਰਾਨ ਮੌਕੇ ’ਤੇ ਹੀ ਟੀਡੀਆਈ ਸਿਟੀ ਦੇ ਮੈਗਾ ਹਾਊਸਿੰਗ ਪ੍ਰਾਜੈਕਟ ਦੀ ਪੜਤਾਲ ਕਰਨ ਲਈ ਰੀਵਿਊ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿਸ਼ੇਸ਼ ਕਮੇਟੀ ਵਿੱਚ ਮੰਡਲ ਇੰਜੀਨੀਅਰ (ਸਿਵਲ), ਮੰਡਲ ਇੰਜੀਨੀਅਰ (ਬਿਜਲੀ) ਮੰਡਲ ਇੰਜੀਨੀਅਰ (ਜਨ-ਸਿਹਤ) ਅਤੇ ਸਹਾਇਕ ਨਗਰ ਯੋਜਨਾਕਾਰ (ਲਾਇਸੈਂਸਿੰਗ) ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਟੀਡੀਆਈ ਦੇ ਮੈਗਾ ਪ੍ਰਾਜੈਕਟ ਬਾਬਤ ਪ੍ਰਾਪਤ ਸ਼ਿਕਾਇਤਾਂ ਸਬੰਧੀ ਉਕਤ ਰਿਹਾਇਸ਼ੀ ਕਲੋਨੀ ਦਾ ਦੌਰਾ ਕਰਕੇ 20 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਗਮਾਡਾ ਦੇ ਏਸੀਏ ਨੂੰ ਪੇਸ਼ ਕਰੇਗੀ। ਮੌਕੇ ਦਾ ਜਾਇਜ਼ਾ ਲੈਣ ਅਤੇ ਰਿਪੋਰਟ ਕਰਨ ਸਮੇਂ ਗਮਾਡਾ ਦੇ ਅਧਿਕਾਰੀਆਂ ਦੀ ਉਕਤ ਕਮੇਟੀ ਨੂੰ ਆਰ.ਡਬਲਿਊ.ਐਸ ਦੇ ਪ੍ਰਧਾਨ ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਨਵਜੀਤ ਸਿੰਘ ਅਤੇ ਹੋਰਨਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ।
ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਗਮਾਡਾ ਦੇ ਇਸ ਫੈਸਲੇ ਨਾਲ ਸੁਸਾਇਟੀ ਦੇ ਮੈਂਬਰਾਂ ਅਤੇ ਸੈਕਟਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਇਨਸਾਫ਼ ਮਿਲਣ ਦੀ ਆਸ ਜਾਗੀ ਹੈ। ਗਮਾਡਾ ਦੀ ਇਸ ਪਹਿਲਕਦਮੀ ਨਾਲ ਇੱਥੋਂ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ। ਪ੍ਰਧਾਨ ਨੇ ਦੱਸਿਆ ਕਿ ਬਿਲਡਰ ਨੇ ਕੇਂਦਰ ਸਰਕਾਰ ਵੱਲੋਂ 2015 ਵਿੱਚ ਬਣਾਏ ਰੇਰਾ ਕਾਨੂੰਨ ਤੋਂ ਬਚਨ ਲਈ ਝੂਠ ਬੋਲ ਕੇ ਅੰਸ਼ਿਕ ਮੁਕੰਮਲ ਸਰਟੀਫਿਕੇਟ (ਪਾਰਸ਼ਿਅਲ ਕੰਪਲੀਸ਼ੀਅਨ ਸਰਟੀਫਿਕੇਟ) ਹਾਸਲ ਕੀਤਾ ਗਿਆ ਸੀ। ਸੜਕਾਂ ਅਤੇ ਸੀਵਰੇਜ ਵਿਵਸਥਾ ਠੀਕ ਨਹੀਂ ਹੈ ਅਤੇ ਹਾਲੇ ਤੱਕ ਕਲੱਬ ਦੀ ਉਸਾਰੀ ਵੀ ਨਹੀਂ ਹੋ ਸਕੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਵੀ ਮੌਕੇ ਦਾ ਜਾਇਜ਼ਾ ਸਮੇਂ ਖ਼ਾਮੀਆਂ ਦੀ ਗੱਲ ਆਖੀ ਸੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁੱਡਾ\ਗਮਾਡਾ ਤੋਂ ਮੰਗ ਕੀਤੀ ਕਿ ਪੁਰਾਣੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਹੀ ਬਿਲਡਰ ਨੂੰ ਨਵੇਂ ਪ੍ਰਾਜੈਕਟ ਦੀ ਪ੍ਰਵਾਨਗੀ ਦਿੱਤੀ ਜਾਵੇ।
ਉਧਰ, ਦੂਜੇ ਪਾਸੇ ਟੀਡੀਆਈ ਦੇ ਪ੍ਰਾਜੈਕਟ ਡਾਇਰੈਕਟਰ ਰੋਹਿਤ ਗੋਗੀਆ ਨੇ ਕੰਪਨੀ ਦਾ ਪੱਖ ਰੱਖਦਿਆਂ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੈਕਟਰ ਵਿੱਚ ਵਧੀਆਂ ਸੜਕਾਂ ਤੋਂ ਇਲਾਕਾ ਪਾਰਕ ਬਣੇ ਹੋਏ ਹਨ ਅਤੇ ਇੱਥੇ ਰਹਿ ਰਹੇ 600 ਪਰਿਵਾਰਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪਾਰਸ਼ਿਅਲ ਕੰਪਲੀਸ਼ੀਅਨ ਸਰਟੀਫਿਕੇਟ ਬਾਰੇ ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਪੂਰੀ ਜਾਂਚ ਪੜਤਾਲ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀਡੀਆਈ ਕਲੱਬ ਦੀ ਉਸਾਰੀ ਦੇ ਕੰਮ ਵਿੱਚ ਕਰੋਨਾ ਮਹਾਮਾਰੀ ਕਾਰਨ ਖੜੋਤ ਆਈ ਸੀ ਲੇਕਿਨ ਹੁਣ ਆਉਣ ਵਾਲੇ ਦਿਨਾਂ ਵਿੱਚ ਕਲੱਬ ਦਾ ਨਿਰਮਾਣ ਤੇਜ਼ੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਮਾਡਾ ਦੇ ਸਰਟੀਫਿਕੇਟ ਬਾਰੇ ਸੁਸਾਇਟੀ ਦੇ ਅਹੁਦੇਦਾਰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੀਵਰੇਜ ਵਿਵਸਥਾ ਬਿਲਕੁਲ ਠੀਕ ਹੈ, ਬਕਾਇਦਾ ਸੀਵਰੇਜ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ।