Share on Facebook Share on Twitter Share on Google+ Share on Pinterest Share on Linkedin ਕਮਿਊਨਿਟੀ ਸੈਂਟਰ (ਪੁਰਾਣੀ ਅਦਾਲਤ ਦੀ ਇਮਾਰਤ) ਨੂੰ ਨਗਰ ਨਿਗਮ ਨੂੰ ਸੌਂਪਣ ਤੋਂ ਟਾਲਾ ਵੱਟ ਰਿਹਾ ਹੈ ਗਮਾਡਾ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ 26 ਜੁਲਾਈ ਨੂੰ ਕਬਜ਼ਾ ਦੇਣ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ ਮੁਕੰਮਲ ਜ਼ਿਲ੍ਹਾ ਅਦਾਲਤ ਦਾ ਸਰਕਾਰੀ ਪੱਤਰ ਪ੍ਰਾਪਤ ਕਰਨ ਦੇ ਬਾਵਜੂਦ ਗਮਾਡਾ ਨੇ ਨਗਰ ਨਿਗਮ ਨੂੰ ਅਜੇ ਤਾਈਂ ਨਹੀਂ ਦਿੱਤਾ ਕਬਜ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇੱਥੋਂ ਦੇ ਫੇਜ਼-3ਬੀ1 ਵਿੱਚ ਸਥਿਤ ਕਮਿਊਨਿਟੀ ਸੈਂਟਰ (ਪੁਰਾਣੀ ਅਦਾਲਤ) ਦੀ ਇਮਾਰਤ ਦਾ ਨਗਰ ਨਿਗਮ ਨੂੰ ਕਬਜ਼ਾ ਦੇਣ ਤੋਂ ਟਾਲ ਵੱਟਿਆ ਜਾ ਰਿਹਾ ਹੈ। ਹਾਲਾਂਕਿ ਅਕਾਲੀ ਸਰਕਾਰ ਵੇਲੇ ਹੋਏ ਸਮਝੌਤੇ ਤਹਿਤ ਗਮਾਡਾ ਨੇ ਸ਼ਹਿਰ ਦੇ ਬਾਕੀ ਸਾਰੇ ਕਮਿਊਨਿਟੀ ਸੈਂਟਰ ਨਗਰ ਨਿਗਮ ਦੇ ਸਪੁਰਦ ਕਰ ਦਿੱਤੇ ਹਨ ਪ੍ਰੰਤੂ ਫੇਜ਼-3ਬੀ1 ਵਾਲਾ ਕਮਿਊਨਿਟੀ ਸੈਂਟਰ ਦਾ ਕਬਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ ਹੈ। ਮੁਹਾਲੀ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਇਸ ਇਮਾਰਤ ਵਿੱਚ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਸਨ। ਕਾਫੀ ਸਮਾਂ ਪਹਿਲਾਂ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਨਵਾਂ ਜ਼ਿਲ੍ਹਾ ਅਦਾਲਤ ਕੰਪਲੈਕਸ ਬਣਨ ਤੋਂ ਬਾਅਦ ਸਾਰੀਆਂ ਅਦਾਲਤਾਂ ਉੱਥੇ ਸ਼ਿਫ਼ਟ ਹੋ ਗਈਆਂ ਸਨ ਪ੍ਰੰਤੂ ਅਦਾਲਤਾਂ ਦਾ ਕਾਫੀ ਰਿਕਾਰਡ ਇਸ ਇਮਾਰਤ ਵਿੱਚ ਪਿਆ ਸੀ। ਉਧਰ, ਸ਼ਹਿਰ ਦੇ ਕਈ ਕਮਿਊਨਿਟੀ ਸੈਂਟਰ ਪੁਲੀਸ ਦੇ ਕਬਜ਼ੇ ਤੋਂ ਖਾਲੀ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕਰਨ ਵਾਲੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਦੋਸ਼ ਲਾਇਆ ਕਿ ਗਮਾਡਾ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਉਕਤ ਕਮਿਊਨਿਟੀ ਸੈਂਟਰ ਲੋਕਾਂ ਦੀ ਵਰਤੋਂ ਵਿੱਚ ਨਹੀਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਅਦਾਲਤ ਦਾ ਕਬਜ਼ਾ ਛੱਡਣ ਦੀ ਗੁਹਾਰ ਲਗਾਉਣ ਲਈ ਜ਼ਿਲ੍ਹਾ ਅਦਾਲਤ ਵਿੱਚ ਗਏ ਸਨ ਪ੍ਰੰਤੂ ਉੱਥੇ ਜਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਅਦਾਲਤ ਵੱਲੋਂ ਬੀਤੀ 26 ਜੁਲਾਈ ਨੂੰ ਉਕਤ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਕੇ ਗਮਾਡਾ ਦੇ ਹਵਾਲੇ ਕਰਨ ਸਬੰਧੀ ਲਿਖਤੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਸੀ। ਇਸ ਸਬੰਧੀ ਅਦਾਲਤੀ ਸਟਾਫ਼ ਵੱਲੋਂ ਬਕਾਇਦਾ ਤੌਰ ’ਤੇ ਗਮਾਡਾ ਦਫ਼ਤਰ ਵਿੱਚ ਅਦਾਲਤ ਦਾ ਪੱਤਰ ਵੀ ਰਿਸੀਵ ਕਰਵਾਇਆ ਗਿਆ ਹੈ। ਲੇਕਿਨ ਇਸ ਦੇ ਬਾਵਜੂਦ ਗਮਾਡਾ ਨੇ ਕਮਿਊਨਿਟੀ ਸੈਂਟਰ ਨਗਰ ਨਿਗਮ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਸ੍ਰੀ ਬੇਦੀ ਨੇ ਦੱਸਿਆ ਕਿ ਪੁਰਾਣੀ ਅਦਾਲਤਾਂ ਦੇ ਅੰਦਰਲੇ ਹਿੱਸੇ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਅਤੇ ਇੱਥੇ ਬੇਸ਼ੁਮਾਰ ਗੰਦਗੀ ਅਤੇ ਕੂੜਾ ਪਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੀ ਅਣਦੇਖੀ ਕਾਰਨ ਸ਼ਹਿਰ ਵਾਸੀ ਇਸ ਕਮਿਊਨਿਟੀ ਸੈਂਟਰ ਦਾ ਲਾਭ ਲੈਣ ਤੋਂ ਵਾਂਝੇ ਹਨ। ਇਹੀ ਨਹੀਂ ਨਗਰ ਨਿਗਮ ਨੇ ਵੀ ਇਸ ਇਮਾਰਤ ਨੂੰ ਆਪਣੇ ਅਧੀਨ ਲੈਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਹਾਲਾਂਕਿ ਪਹਿਲਾਂ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਡਰਦੇ ਮਾਰੇ ਅਦਾਲਤ ਤੋਂ ਉਕਤ ਇਮਾਰਤ ਨੂੰ ਖਾਲੀ ਕਰਵਾਉਣ ਤੋਂ ਭੱਜ ਰਹੇ ਸਨ। ਲੇਕਿਨ ਹੁਣ ਜਦੋਂ ਖ਼ੁਦ ਅਦਾਲਤ ਨੇ ਕਬਜ਼ਾ ਛੱਡ ਦਿੱਤਾ ਹੈ ਤਾਂ ਵੀ ਕਿਸੇ ਅਧਿਕਾਰੀ ਦੀ ਹਿੰਮਤ ਨਹੀਂ ਪੈ ਰਹੀ। ਉਨ੍ਹਾਂ ਮੰਗ ਕੀਤੀ ਕਿ ਉਕਤ ਕਮਿਊਨਿਟੀ ਸੈਂਟਰ ਦੀ ਰੈਨੋਵੇਸ਼ਨ ਕਰਕੇ ਇਸ ਦਾ ਕਬਜ਼ਾ ਨਗਰ ਨਿਗਮ ਨੂੰ ਸੌਂਪਿਆ ਜਾਵੇ ਤਾਂ ਜੋ ਸ਼ਹਿਰ ਵਾਸੀ ਇੱਥੇ ਆਪਣੇ ਘਰੇਲੂ ਸਮਾਗਮ ਆਯੋਜਿਤ ਕਰ ਸਕਣ। (ਬਾਕਸ ਆਈਟਮ) ਇਸ ਸਬੰਧੀ ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੁਹਾਲੀ ਨਗਰ ਨਿਗਮ ਵੱਲੋਂ ਗਮਾਡਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਮਿਊਨਿਟੀ ਸੈਂਟਰ ਦਾ ਕਬਜ਼ਾ ਲੈਣ ਦੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਇਮਾਰਤ ਦਾ ਜਲਦੀ ਹੀ ਕਬਜ਼ਾ ਲੈਣ ਉਪਰੰਤ ਨਗਰ ਨਿਗਮ ਦੇ ਬਜਟ ਅਨੁਸਾਰ ਇਸ ਦੀ ਇਮਾਰਤ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ