
ਗਮਾਡਾ ਵੱਲੋਂ ਅਣਅਧਿਕਾਰਤ ਕਲੋਨੀ ਕੱਟ ਕੇ ਪਲਾਟ ਵੇਚਣ ਸਬੰਧੀ ਬਿਲਡਰ ਨੂੰ ਨੋਟਿਸ ਜਾਰੀ
ਕੰਪਨੀ ਦੇ ਮਾਲਕ ਨੇ ਸਾਰੇ ਦੋਸ਼ ਨਕਾਰੇ, ਕਿਹਾ ਕੰਪਨੀ ਸੋਮਵਾਰ ਨੂੰ ਦੇਵੇਗੀ ਗਮਾਡਾ ਦੇ ਨੋਟਿਸ ਦਾ ਜਵਾਬ
ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਗਮਾਡਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਵੱਲੋਂ ਇੱਕ ਪ੍ਰਾਈਵੇਟ ਬਿਲਡਰ ਵੱਲੋਂ ਸੈਕਟਰ-112 ਵਿੱਚ ਕਥਿਤ ਅਣਅਧਿਕਾਰਤ ਕਲੋਨੀ ਕੱਟਣ ਅਤੇ ਪਲਾਟ ਵੇਚੇ ਜਾਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੰਪਨੀ ਨੂੰ ਇਹ ਨੋਟਿਸ ਵਿਭਾਗੀ ਫੀਲਡ ਸਟਾਫ਼ ਦੀ ਰਿਪੋਰਟ ਅਨੁਸਾਰ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਿਲਡਰ ਵੱਲੋਂ ਪਿੰਡ ਲਾਂਡਰਾਂ ਵਿਖੇ ਵੱਖ-ਵੱਖ ਖ਼ਸਰਾ ਨੰਬਰ ਵਾਲੀਆਂ ਜ਼ਮੀਨ ਵਿੱਚ ਅਣਅਧਿਕਾਰਤ ਕਲੋਨੀ ਕੱਟੀ ਗਈ ਹੈ। ਸਰਕਾਰੀ ਹੁਕਮ ਤਹਿਤ ਸੈਕਸ਼ਨ 19, 11 ਦੇ ਨੋਟੀਫ਼ਿਕੇਸ਼ਨ ਦੀ ਉਲੰਘਣਾ ਕਾਰਨ ਧਾਰਾ 87 ਅਤੇ ਪੈਰਾਫੇਰੀ ਕੰਟਰੋਲ ਐਕਟ 1952 ਦੀ ਧਾਰਾ 5, 11 ਦੀ ਉਲੰਘਣਾ ਕਾਰਨ ਦੀਆਂ ਧਾਰਾਵਾਂ ਤਹਿਤ ਬਿਲਡਰ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਪਰੋਕਤ ਉਲੰਘਣਾਵਾਂ ਸਬੰਧੀ ਕੰਪਨੀ ਵਿਰੁੱਧ ਉਕਤ ਐਕਟ ਤਹਿਤ ਫੌਜਦਾਰੀ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ, ਜਿਸ ਵਿੱਚ ਕੰਪਨੀ ਮਾਲਕ ਨੂੰ ਅਦਾਲਤ ਵੱਲੋਂ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਸ਼ੋਅ-ਕਾਜ ਨੋਟਿਸ ਰਾਹੀਂ ਕੰਪਨੀ ਨੂੰ ਲਿਖਿਆ ਗਿਆ ਹੈ ਕਿ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ਕੋਲ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਦੌਰਾਨ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਜਾਵੇ। ਜੇਕਰ ਇਸ ਸਮੇਂ ਦੌਰਾਨ ਬਿਲਡਰ ਦੇ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਤਾਂ ਬਿਨਾਂ ਕੋਈ ਮੌਕਾ ਦਿੱਤੇ ਸਬੰਧਤ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ।
ਉਧਰ, ਇਸ ਸਬੰਧੀ ਕੰਪਨੀ ਦੇ ਡਾਇਰੈਕਟਰ ਅਭਿਸ਼ੇਕ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ ਅਤੇ ਕੰਪਨੀ ਵੱਲੋਂ ਸੋਮਵਾਰ ਨੂੰ ਗਮਾਡਾ ਦਫ਼ਤਰ ਵਿੱਚ ਆਪਣਾ ਜਵਾਬ ਦਾਖ਼ਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਦਾ ਇਹ 30 ਏਕੜ ਦਾ ਪ੍ਰਾਜੈਕਟ ਹੈ ਪ੍ਰੰਤੂ ਨੋਟਿਸ ਵਿੱਚ ਜਿਸ ਜ਼ਮੀਨ ਦਾ ਜ਼ਿਕਰ ਕੀਤਾ ਗਿਆ ਹੈ, ਉਹ 63 ਏਕੜ ਦੇ ਕਰੀਬ ਰਕਬਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਸੀਐਲਯੂ ਹੋ ਚੁੱਕਾ ਹੈ ਅਤੇ ਕੰਪਨੀ ਦਾ ਸਾਰਾ ਕੰਮ ਬਿਲਕੁਲ ਸਰਕਾਰੀ ਨੇਮਾਂ ਮੁਤਾਬਕ ਕੀਤਾ ਜਾ ਰਿਹਾ ਹੈ। ਫਿਰ ਵੀ ਜੇਕਰ ਕਿਤੇ ਕੋਈ ਕਮੀ ਪੇਸ਼ੀ ਹੈ, ਉਸ ਨੂੰ ਦਰੁਸਤ ਕੀਤਾ ਜਾਵੇਗਾ।