ਗਮਾਡਾ ਵੱਲੋਂ ਮੈਨਹੋਲਜ਼ ਦੀ ਸਫ਼ਾਈ ਲਈ ਬੈਂਡੀਕੂਟ ਰੋਬੋਟ ਪ੍ਰਣਾਲੀ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਆਧੁਨਿਕ ਤਕਨੀਕ ਨੂੰ ਅਪਣਾਉਂਦਿਆਂ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਸ਼ਹਿਰ ਵਿੱਚ ਬੈਂਡੀਕੂਟ ਰੋਬੋਟ ਦੀ ਮਦਦ ਨਾਲ ਮੈਨਹੋਲ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੈ। ਜਿਸ ਨਾਲ ਮੈਨਹੋਲਾਂ ਦੀ ਕਰਮਚਾਰੀਆਂ ਵਲੋਂ ਸਫਾਈ ਦੀ ਮੌਜੂਦਾ ਪ੍ਰਣਾਲੀ ਨੂੰ ਬਦਲ ਦਿੱਤਾ ਗਿਆ ਹੈ। ਇਸ ਪ੍ਰਣਾਲੀ ਨਾਲ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਸਫਾਈ ਕਰਮਚਾਰੀਆਂ ਦੇ ਕੰਮ ਵਿਚ ਇਕ ਸਕਾਰਾਤਮਕ ਤਬਦੀਲੀ ਲਿਆਵੇਗੀ ਕਿਉਂਜੋ ਇਹ ਬਿਨਾਂ ਹੱਥ ਲਗਾਏ ਮੈਨਹੋਲਾਂ ਤੋਂ ਕੂੜਾ-ਕਰਕਟ ਅਤੇ ਮਲਬਾ ਕੱਢਣ ਨੂੰ ਯਕੀਨੀ ਬਣਾਏਗੀ।
ਇਸ ਪ੍ਰਣਾਲੀ ਦਾ ਉਦਘਾਟਨ ਅੱਜ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਪਰਦੀਪ ਕੁਮਾਰ ਅਗਰਵਾਲ ਅਤੇ ਚੀਫ਼ ਇੰਜੀਨੀਅਰ ਦਵਿੰਦਰ ਸਿੰਘ ਦੀ ਮੌਜੂਦਗੀ ਵਿਚ ਪੁੱਡਾ ਭਵਨ ਸੈਕਟਰ-62 ਵਿਖੇ ਕੀਤਾ ਗਿਆ। ਇਸ ਦੌਰਾਨ ਉੱਘੇ ਵਿਗਿਆਨੀ ਪਦਮ ਵਿਭੂਸ਼ਣ ਡਾ.ਆਰ.ਏ. ਮਸ਼ੇਲਕਰ, ਐਫ.ਆਰ.ਐਸ. ਨੈਸ਼ਨਲ ਰਿਸਰਚ ਪ੍ਰੋਫੈਸਰ ਤੇ ਸਾਬਕਾ ਡਾਇਰੈਕਟਰ ਜਨਰਲ, ਸੀ.ਐਸ.ਆਈ.ਆਰ. ਇੰਡੀਆ ਅਤੇ ਡਾ. ਐਸ ਮੁਖਰਜੀ, ਮਿਸ਼ਨ ਡਾਇਰੈਕਟਰ ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀਐਮਯੂ), ਬੀ.ਆਈ.ਆਰ.ਏ.ਸੀ. ਨੇ ਵੀਡੀਓ ਕਾਨਫਰੰਸ ਰਾਹੀਂ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਰਵਜੀਤ ਸਿੰਘ ਨੇ ਦੱਸਿਆ ਕਿ ਬੈਂਡੀਕੂਟ ਰੋਬੋਟ ਉਹ ਹਰ ਕੰਮ ਕਰ ਸਕਦਾ ਹੈ ਜੋ ਮੈਨਹੋਲ ਅੰਦਰ ਇੱਕ ਸਫ਼ਾਈ ਕਰਮਚਾਰੀ ਕਰਦਾ ਹੈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਹ ਰੋਬੋਟ ਜੀਨਰੋਬੋਟਿਕਸ ਨਾਮੀ ਇਕ ਸਟਾਰਟ-ਅਪ ਇੰਡੀਅਨ ਕੰਪਨੀ ਵਲੋਂ ‘ਮੇਕ ਇਨ ਇੰਡੀਆ‘ ਅਤੇ ‘ਸਵੱਛ ਭਾਰਤ‘ ਪਹਿਲਕਦਮੀ ਤਹਿਤ ਵਿਕਸਤ ਕੀਤਾ ਗਿਆ ਦੁਨੀਆ ਦਾ ਪਹਿਲਾ ਮੈਨਹੋਲ ਕਲੀਨਿੰਗ ਰੋਬੋਟ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਰੋਬੋਟ ਮੈਨਹੋਲ ਦੀ ਸਫ਼ਾਈ ਕਰਮਚਾਰੀਆਂ ਨਾਲੋਂ ਵਧੇਰੇ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਦਾ ਹੈ। ਬੈਂਡੀਕੂਟ ਰੋਬੋਟ ਆਪਣੀਆਂ ਲੱਤਾਂ ਦੀ ਵਰਤੋਂ ਕਰਕੇ ਮੈਨਹੋਲ ਦੀ ਅਣਦੇਖੀ ਡੂੰਘਾਈ ਵਿੱਚ ਜਾ ਸਕਦਾ ਹੈ ਅਤੇ ਆਪਣੀਆਂ ਵਿਸ਼ੇਸ਼ ਰੂਪ ਵਿੱਚ ਡਿਜ਼ਾਇਨ ਕੀਤੀਆਂ ਗਈਆਂ ਮਨੁੱਖਾਂ ਵਰਗੀਆਂ ਰੋਬੋਟਿਕ ਬਾਂਹਾਂ ਦੇ ਨਾਲ ਠੋਸ ਰਹਿੰਦ-ਖੂੰਹਦ ਨੂੰ ਬਾਹਰ ਕੱਢ ਸਕਦਾ ਹੈ ਅਤੇ ਸੀਵਰੇਜ ਪ੍ਰਣਾਲੀ ਨੂੰ ਕੂੜਾ-ਕਰਕਟ ਮੁਕਤ ਬਣਾ ਸਕਦਾ ਹੈ।
ਕਰੋਨਾਵਾਇਰਸ ਦੇ ਫੈਲਾਅ ਵਾਲੇ ਅਜੋਕੇ ਸਮੇਂ ਵਿੱਚ ਇਸ ਪ੍ਰਣਾਲੀ ਦੀ ਉਪਯੋਗਤਾ ਬਹੁਤ ਮਹੱਤਵ ਰੱਖਦੀ ਹੈ। ਸਫਾਈ ਕਰਮਚਾਰੀਆਂ ਨੂੰ ਕੋਵਿਡ-19 ਸਬੰਧੀ ਜ਼ਿਆਦਾ ਖ਼ਤਰਾ ਹੁੰਦਾ ਹੈ ਇਸ ਲਈ ਇਹ ਰੋਬੋਟ ਉਨ੍ਹਾਂ ਨੂੰ ਵੱਡੀ ਰਾਹਤ ਦੇਵੇਗਾ ਕਿਉਂਜੋ ਰੋਬੋਟ ਸੀਵਰੇਜ ਦੇ ਕੂੜੇ ਨੂੰ ਬਿਨਾਂ ਹੱਥ ਲਗਾਏ ਹੀ ਬਾਹਰ ਕੱਢਣ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਫ਼ਾਈ ਕਰਮਚਾਰੀਆਂ ਨੂੰ ਵਾਇਰਸ ਤੋਂ ਦੂਰ ਰਹਿਣ ਵਿੱਚ ਸਹਾਇਤਾ ਕਰਦਾ ਹੈ। ਇਸ ਸਫਾਈ ਟੈਕਨਾਲੋਜੀ ’ਤੇ ਵਧੇਰੇ ਚਾਨਣਾ ਪਾਉਂਦਿਆਂ ਪਰਦੀਪ ਕੁਮਾਰ ਅਗਰਵਾਲ ਮੁੱਖ ਪ੍ਰਸ਼ਾਸਕ, ਗਮਾਡਾ ਨੇ ਦੱਸਿਆ ਕਿ ਕੋਵਿਡ-19 ਦੌਰਾਨ, ਇਕਾਂਤਵਾਸ ਵਿੱਚ ਵਰਤੇ ਪਲਾਸਟਿਕ, ਮਾਸਕ, ਦਸਤਾਨੇ, ਦਵਾਈ ਦੀਆਂ ਬੋਤਲਾਂ ਅਤੇ ਟੀਕੇ-ਸਰਿੰਜਾਂ ਦਾ ਨਿਪਟਾਰਾ ਸੀਵਰੇਜ ਮੈਨਹੋਲ ਵਿਚ ਕਰਨ ਨਾਲ ਰਹਿੰਦ-ਖੁਹੰਦ ਵਿਚ ਲਗਭਗ 70 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਸੀਵਰੇਜ ਵਿਚ ਰੁਕਾਵਟ ਅਤੇ ਇਸ ਨਾਲ ਸਬੰਧਤ ਹੋਰ ਕਾਰਜਾਂ ਵਿੱਚ ਵਾਧਾ ਹੋਇਆ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਗਮਾਡਾ ਨੇ ਮੈਨਹੋਲ ਨੂੰ ਸਾਫ਼ ਕਰਨ ਲਈ ਬੈਂਡੀਕੂਟ ਰੋਬੋਟ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋਜੈਕਟ ਵਿੱਚ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ, ਆਈਕੇਪੀ ਅਤੇ ਬੀਆਈਆਰਏਸੀ ਵੱਲੋਂ ਸੀਐਸਆਰ ਸਹੂਲਤ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …