nabaz-e-punjab.com

ਗਮਾਡਾ ਨੇ ਮੁਹਾਲੀ ਗੋਲਫ਼ ਰੇਂਜ ਨੂੰ ਪੇਸ਼ੇਵਰ ਗੋਲਫ਼ ਏਜੰਸੀ ਨੂੰ ਲੀਜ਼ ’ਤੇ ਦਿੱਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਮੁਹਾਲੀ ਗੋਲਫ਼ ਰੇਂਜ ਦੇ ਪ੍ਰਬੰਧਨ ਨੂੰ ਇੱਕ ਪੇਸ਼ੇਵਰ ਤਰੀਕੇ ਨਾਲ ਚਲਾਉਣ, ਗੋਲਫ਼ ਦੀ ਖੇਡ ਉੱਤੇ ਵਧੇਰੇ ਧਿਆਨ ਕੇਂਦਰਿਤ ਕਰਨ ਅਤੇ ਰੇਂਜ ਵਿੱਚ ਦਿੱਤੀਆਂ ਜਾ ਰਹੀਆਂ ਹੋਰ ਖੇਡ ਸਹੂਲਤਾਂ ਅਤੇ ਸੁਵਿਧਾਵਾਂ ਦੀ ਵਰਤੋਂ ਅਤੇ ਡਿਲੀਵਰੀ ਨੂੰ ਪਾਰਦਰਸ਼ੀ ਬਣਾਉਣ ਲਈ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਮੁਹਾਲੀ ਗੋਲਫ਼ ਰੇਂਜ ਨੂੰ ਪੇਸ਼ੇਵਰ ਗੋਲਫ਼ ਏਜੰਸੀ ਨੂੰ ਲੀਜ਼ ’ਤੇ ਦੇ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਪੁੱਡਾ ਦੀ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਜਾਹਨ ਨੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਪੇਸ਼ੇਵਰ ਗੋਲਫ਼ ਏਜੰਸੀ ‘ਕਾਸਲ ਸਪੋਰਟਸ’ ਦੀ ਮਾਲਕਣ ਮੈਡਮ ਸ਼ਾਲਣੀ ਕਾਹਲੋਂ ਵੱਲੋਂ ਹੀ ਗਮਾਡਾ ਨਾਲ ਮਿਲ ਕੇ ਮੁਹਾਲੀ ਗੋਲਫ਼ ਰੇਂਜ ਦਾ ਕੰਮ ਸੰਭਾਲਿਆਂ ਹੋਇਆ ਸੀ। ਹੁਣ ਉਨ੍ਹਾਂ ਦੀ ਕੰਪਨੀ ਆਜ਼ਾਦ ਤੌਰ ’ਤੇ ਇਹ ਕੰਮ ਸੰਭਾਲੇਗੀ।
ਸਥਾਨਕ ਸੈਕਟਰ-65 ਵਿੱਚ ਕਰੀਬ 11 ਏਕੜ ਰਕਬੇ ਵਿੱਚ ਬਣੀ ਇਹ ਰੇਂਜ ਪੂਰੀ ਤਰ੍ਹਾਂ ਫਲੱਡਲਿਟ ਡਰਾਈਵਿੰਗ ਰੇਂਜ ਅਤੇ ਗੋਲਫ਼ ਅਕੈਡਮੀ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਗੋਲਫ਼ ਦੀ ਖੇਡ ਸੁਵਿਧਾਵਾਂ ਤੋਂ ਇਲਾਵਾ ਰੇਂਜ ਵਿੱਚ ਖੇਡਾਂ ਦੀਆਂ ਹੋਰ ਸਰਗਰਮੀਆਂ ਜਿਵੇਂ ਕਿ ਸਵੀਮਿੰਗ ਪੂਲ, ਜਿਮਨੇਜ਼ੀਅਮ, ਬਿਲੀਅਰਡ ਅਤੇ ਕਾਰਡ ਰੂਮ ਹੈ ਅਤੇ ਇਸ ਤੋਂ ਇਲਾਵਾ ਇੱਥੇ ਇੱਕ ਬਾਰ ਅਤੇ ਰੈਸਟੋਰੈਂਟ, ਪਾਰਟੀ ਹਾਲ ਅਤੇ ਇੱਕ ਪਰੋ ਸ਼ਾਪ ਵੀ ਹੈ। ਮੌਜੂਦਾ ਸਮੇਂ ਗਮਾਡਾ, ਰੇਂਜ ਦੇ ਰੱਖ-ਰਖਾਓ ਅਤੇ ਪ੍ਰਬੰਧਨ ਦੀ ਦੇਖਭਾਲ ਕਰ ਰਿਹਾ ਹੈ, ਜਦੋਂਕਿ ਬਾਕੀ ਦੀਆਂ ਸੇਵਾਵਾਂ ਜਿਵੇਂ ਕਿ ਕੋਚਿੰਗ ਪ੍ਰੋਗਰਾਮ, ਜ਼ਿਮਨੇਜੀਅਮ ਅਤੇ ਰੈਸਟੋਰੈਂਟ ਨੂੰ ਵੱਖ-ਵੱਖ ਪ੍ਰਾਈਵੇਟ ਕੰਟਰੈਕਟਰਾਂ/ਅਪਰੇਟਰਾਂ ਵੱਲੋਂ ਚਲਾਇਆ ਜਾ ਰਿਹਾ ਹੈ। ਰੇਂਜ ਦੇ ਸਤਰ ਨੂੰ ਅਗਲੇ ਪੇਸ਼ੇਵਰ ਪੱਧਰ ਤੱਕ ਲੈ ਕੇ ਜਾਣ ਦੇ ਉਦੇਸ਼ ਨਾਲ ਅਤੇ ਇੱਥੇ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੇ ਓਵਰਲਾਪਿੰਗ ਨੂੰ ਦੂਰ ਕਰਨ ਲਈ ਗੋਲਫ਼ ਰੇਂਜ/ਅਕੈਡਮੀਆਂ ਨੂੰ ਚਲਾਉਣ ਦਾ ਤਜ਼ਰਬਾ ਰੱਖਣ ਵਾਲੇ ਬੋਲੀਕਾਰਾਂ ਤੋਂ ਬੋਲੀਆਂ ਮੰਗੀਆਂ ਗਈਆਂ ਸਨ।
ਗਮਾਡਾ ਵੱਲੋਂ ਰੇਂਜ ਵਿੱਚ ਵਿਕਸ਼ਤ ਕੀਤੀਆਂ ਗਈਆਂ ਸ਼ਾਨਦਾਰ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਗੌਲਫ਼ ਖਿਡਾਰੀਆਂ ਵੱਲੋਂ ਚਲਾਈਆਂ ਜਾ ਰਹੀਆਂ ਚਾਰ ਕੰਪਨੀਆਂ ਵੱਲੋਂ ਲੀਜ਼ ਤੇ ਲੈਣ ਲਈ ਅਪਲਾਈ ਕੀਤਾ ਗਿਆ ਸੀ। ਇਨ੍ਹਾਂ ’ਚੋਂ ਇੱਕ ਬਿਨੈਕਾਰ ਤਕਨੀਕੀ ਤੌਰ ’ਤੇ ਅਯੋਗ ਪਾਇਆ ਗਿਆ ਸੀ। ਬਾਕੀ ਤਿੰਨ ਯੋਗ ਬਿਨੈਕਾਰਾਂ ’ਚੋਂ ਇੱਕ ਵੱਲੋਂ ਸਭ ਤੋਂ ਉੱਚੀ 27 ਲੱਖ ਰੁਪਏ ਸਾਲਾਨਾ ਦੀ ਬੋਲੀ ਦਿੱਤੀ ਗਈ ਸੀ, ਜਦਕਿ ਬਾਕੀ ਦੋਵੇਂ ਬੋਲੀਕਾਰਾਂ ਵੱਲੋਂ 56.40 ਲੱਖ ਰੁਪਏ ਅਤੇ 77.76 ਲੱਖ ਰੁਪਏ ਦੀ ਨੈਗੇਟਿਵ ਬੋਲੀ ਦਿੱਤੀ ਗਈ ਸੀ। ਰੇਂਜ ਵਿੱਚ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧਨ ਇੱਕ ਸਿੰਗਲ ਏਜੰਸੀ ਨੂੰ ਦਿੱਤਾ ਗਿਆ ਹੈ। ਜਿਸ ਨਾਲ ਰੇਂਜ ਦਾ ਸੰਚਾਲਨ ਬਿਹਤਰ ਹੋਵੇਗਾ। ਏਜੰਸੀ ਨਾਲ ਲੀਜ਼ ਦਾ ਸਮਾਂ 10 ਸਾਲ ਦਾ ਹੋਵੇਗਾ। ਏਜੰਸੀ ਵੱਲੋਂ ਗੋਲਫ਼ ਦੀ ਕੋਚਿੰਗ, ਜਿੰਮ, ਬਾਰ ਅਤੇ ਰੈਸਟੋਰੈਂਟ ਚਲਾਉਣ ਲਈ ਪੇਸ਼ੇਵਰ ਸਟਾਫ ਮੁਹੱਈਆ ਕਰਵਾਉਣ ਤੋਂ ਇਲਾਵਾ ਰੇਂਜ ਵਿੱਚ ਸਕਿਉਰਿਟੀ ਅਤੇ ਹਾਊਸ ਕੀਪਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…