Nabaz-e-punjab.com

ਗਮਾਡਾ ਨੇ ਮੋਟਰ ਮਾਰਕੀਟ ਦੇ ਮਕੈਨਿਕਾਂ ਅਤੇ ਦੁਕਾਨਦਾਰਾਂ ਲਈ 204 ਦੁਕਾਨਾਂ ਦਾ ਡਰਾਅ ਕੱਢਿਆਂ

ਬਲਕ ਮਟੀਰੀਅਲ ਮਾਰਕੀਟ ਨੇੜੇ ਬਣਨਗੀਆਂ ਮੋਟਰ ਮਕੈਨਿਕਾਂ ਦੀਆਂ ਦੁਕਾਨਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਰਾਂ ਦੀ ਰਿਪੇਅਰ ਦਾ ਕੰਮ ਕਰਨ ਵਾਲੇ ਮਕੈਨਿਕਾਂ ਅਤੇ ਸਪੇਅਰ ਪਾਰਟ ਵੇਚਣ ਵਾਲੇ ਦੁਕਾਨਦਾਰਾਂ ਲਈ ਅੱਜ ਪੁੱਡਾ ਭਵਨ ਵਿੱਚ 204 ਦੁਕਾਨਾਂ ਦਾ ਡਰਾਅ ਕੱਢਿਆ ਗਿਆ। ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਅਤੇ ਸਟੇਟ ਅਫ਼ਸਰ ਮਹੇਸ਼ ਬੰਸਲ ਦੀ ਅਗਵਾਈ ਵਿੱਚ ਕੱਢੇ ਗਏ ਡਰਾਅ ਦੌਰਾਨ ਪਹਿਲੀ ਪਰਚੀ ਮਹਿਮਾ ਸਿੰਘ ਨਾਂ ਦੇ ਵਿਅਕਤੀ ਦੀ ਨਿਕਲੀ।
ਮਕੈਨਿਕਾਂ ਅਤੇ ਦੁਕਾਨਦਾਰਾਂ ਲਈ ਬਣਾਈਆਂ ਜਾਣ ਵਾਲੀਆਂ ਛੋਟੀਆਂ ਦੁਕਾਨਾਂ ਲਈ ਗਮਾਡਾ ਕੋਲ ਕੁੱਲ 204 ਅਰਜ਼ੀਆਂ ਪੁੱਜੀਆਂ ਸਨ। ਅੱਜ ਡਰਾਅ ਦੌਰਾਨ ਦੁਕਾਨਦਾਰਾਂ ਨੂੰ ਮਿਲਣ ਵਾਲੇ ਬੂਥਾਂ ਦੀਆਂ ਪਰਚੀਆਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਗਮਾਡਾ ਵੱਲੋਂ ਇੱਥੇ ਵੱਡੀਆਂ ਦੁਕਾਨਾਂ ਵੀ ਦਿੱਤੀਆਂ ਜਾਣੀਆਂ ਹਨ। ਜਿਨ੍ਹਾਂ ਦੇ ਡਰਾਅ ਬਾਅਦ ਵਿੱਚ ਕੱਢੇ ਜਾਣਗੇ।
ਮੋਟਰ ਮਾਰਕੀਟ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮੋਟਰ ਮਾਰਕੀਟ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਨੇ ਦੱਸਿਆ ਕਿ ਉਕਤ ਦੁਕਾਨਾਂ\ਬੂਥਾਂ ਦਾ ਸਾਈਜ਼ 8ਗ16 ਫੁੱਟ ਹੋਵੇਗਾ ਅਤੇ ਇਨ੍ਹਾਂ ਦੇ ਸਾਹਮਣੇ ਮਕੈਨਿਕਾਂ ਦੇ ਕੰਮ ਕਰਨ ਲਈ ਖਾਲੀ ਜਗ੍ਹਾ ਹੋਵੇਗੀ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਬੂਥਾਂ ਦੀ ਕੀਮਤ 14 ਲੱਖ ਰੁਪਏ ਤੈਅ ਕੀਤੀ ਗਈ ਹੈ। ਜਿਸ ਦਾ 10 ਫੀਸਦੀ ਦੁਕਾਨ ਹਾਸਲ ਕਰਨ ਦੇ ਚਾਹਵਾਨਾਂ ਵੱਲੋਂ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਗਿਆ ਅਤੇ ਬਾਕੀ ਦੀ ਰਕਮ 10 ਸਾਲਾਂ ਦੀਆਂ ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕੀ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਬੂਥਾਂ ਦੇ ਡਰਾਅ ਦਾ ਕੰਮ ਲਮਕ ਰਿਹਾ ਸੀ ਅਤੇ ਆਖਰਕਾਰ ਅੱਜ ਦੁਕਾਨਾਂ ਦਾ ਡਰਾਅ ਨਿਕਲਣ ਨਾਲ ਇਨ੍ਹਾਂ ਦੁਕਾਨਦਾਰਾਂ ਦੇ ਮੁੜ ਵਸੇਬੇ ਦੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਗਮਾਡਾ ਵੱਲੋਂ ਆਵਾਜਾਈ ਸਮੱਸਿਆ ਦੀ ਆੜ ਵਿੱਚ ਪੁਰਾਣਾ ਪਿੰਡ ਮੁਹਾਲੀ ਦੇ ਪਿਛਲੇ ਪਾਸੇ ਸੜਕ ਦੇ ਦੋਵੇਂ ਪਾਸੇ ਕਾਰਾਂ ਅਤੇ ਹੋਰ ਵੱਡੇ ਵਾਹਨਾਂ ਦੀ ਰਿਪੇਅਰ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ ਅਤੇ ਹੁਣ ਦੁਕਾਨਾਂ ਮਿਲਣ ਤੋਂ ਬਾਅਦ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਹੈ।
ਸ੍ਰੀ ਅਬਿਆਨਾ ਨੇ ਕਿਹਾ ਕਿ ਦੁਕਾਨਾਂ ਦੇ ਡਰਾਅ ਕਢਵਾਉਣ ਵਿੱਚ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੀ ਅਹਿਮ ਰੋਲ ਰਿਹਾ ਹੈ। ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਗਮਾਡਾ ਅਧਿਕਾਰੀਆਂ ਨੂੰ ਛੇਤੀ ਡਰਾਅ ਕੱਢਣ ਲਈ ਰਜਾਮਦ ਕੀਤਾ ਗਿਆ। ਇਸ ਦੌਰਾਨ ਮਕੈਨਿਕਾਂ ਅਤੇ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੇ ਲੱਡੂ ਵੰਡ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਕਰਮ ਚੰਦ ਸ਼ਰਮਾ, ਲਲਿਤ ਸ਼ਰਮਾ, ਦੀਪਕ ਧੀਮਾਨ, ਸਤਨਾਮ ਸਿੰਘ ਸੈਣੀ, ਬਲਿਹਾਰ ਸਿੰਘ (ਫੇਜ਼-7), ਉਪਕਾਰ ਸਿੰਘ, ਗੁਰਮੀਤ ਸਿੰਘ (ਲੰਬਿਆਂ) ਅਤੇ ਫੌਜਾ ਸਿੰਘ, ਅਮਿਤ ਕਾਂਸਲ, ਹਰਦੇਵ ਲਾਲੀ, ਰਣਜੀਤ ਸਿੰਘ, ਚਰਨਜੀਤ ਸਿੰਘ, ਵਰਿੰਦਰ ਪਾਲ ਸਿੰਘ, ਬਲਜਿੰਦਰ ਚੀਮਾ ਅਤੇ ਹਰਿੰਦਰ ਸੈਣੀ (ਪਿੰਡ ਮੁਹਾਲੀ) ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…