Nabaz-e-punjab.com

ਗਮਾਡਾ ਵੱਲੋਂ ਆਈਟੀ ਸਿਟੀ ਵਿੱਚ ਪਲਾਟਾਂ ਦੇ ਨੰਬਰ ਜਲਦ ਕੀਤੇ ਜਾਣਗੇ ਅਲਾਟ: ਸੁੱਖ ਸਰਕਾਰੀਆ

ਪੁੱਡਾ ਮੰਤਰੀ ਸੁੱਖ ਸਰਕਾਰੀਆ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਆਈਟੀ ਸਿਟੀ ਮੁਹਾਲੀ ਵਿੱਚ 256.66 ਵਰਗ ਗਜ਼ ਦੇ ਰਿਹਾਇਸ਼ੀ ਪਲਾਟਾਂ ਦੇ ਲੈਟਰ ਆਫ਼ ਇਨਟੈਂਟ (ਐਲਓਆਈ) ਹੋਲਡਰਾਂ ਨੂੰ ਜਲਦ ਹੀ ਪਲਾਟ ਨੰਬਰ ਅਲਾਟ ਕੀਤੇ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ (ਪੁੱਡਾ) ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸਮੂਹ ਵਿਕਾਸ ਅਥਾਰਟੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪੁੱਡਾ ਭਵਨ ਮੁਹਾਲੀ ਵਿੱਚ ਮੀਟਿੰਗ ਤੋਂ ਬਾਅਦ ਦਿੱਤੀ।
ਸ੍ਰੀ ਸੁੱਖ ਸਰਕਾਰੀਆ ਨੇ ਆਈਟੀ ਸਿਟੀ ਵਿਚਲੇ ਵਿਕਾਸ ਕਾਰਜਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ, ਜਿੱਥੇ 256.66 ਵਰਗ ਗਜ਼ ਰਿਹਾਇਸ਼ੀ ਪਲਾਟਾਂ ਦੇ ਅਲਾਟੀ ਪਲਾਟਾਂ ਦਾ ਕਬਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ 2016 ਵਿੱਚ ਸ਼ੁਰੂ ਕੀਤੀ ਗਈ ਸਕੀਮ ਅਧੀਨ 300 ਵਰਗ ਗਜ਼ ਅਤੇ 500 ਵਰਗ ਗਜ਼ ਦੇ ਪਲਾਟਾਂ ਲਈ ਅਪਲਾਈ ਕਰਨ ਵਾਲੇ ਅਲਾਟੀਆਂ ਨੂੰ ਗਮਾਡਾ ਵੱਲੋਂ ਕਬਜ਼ਾ ਪਹਿਲਾਂ ਹੀ ਦੇ ਦਿੱਤਾ ਗਿਆ ਹੈ। ਹਾਲਾਂਕਿ 256.66 ਵਰਗ ਗਜ਼ ਦੇ ਪਲਾਟਾਂ ਲਈ ਰੱਖੇ ਗਏ ਏਰੀਆ ਨੂੰ ਵਾਤਾਵਰਣ ਸਬੰਧੀ ਮਨਜ਼ੂਰੀ ਨਾ ਮਿਲਣ ਕਾਰਨ ਵਿਕਸਿਤ ਨਹੀਂ ਕੀਤਾ ਜਾ ਸਕਿਆ ਸੀ ਅਤੇ ਲਾਟਰੀ ਸਿਸਟਮ ਦੇ ਡਰਾਅ ਵਿੱਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਸਿਰਫ਼ ਲੈਟਰ ਆਫ਼ ਇਨਟੈਂਟ ਹੀ ਜਾਰੀ ਕੀਤੇ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਆਈਟੀ ਸਿਟੀ ਪ੍ਰਾਜੈਕਟ ਲਈ ਵਾਤਾਵਰਣ ਕਲੀਅਰੈਂਸ ਸਬੰਧੀ ਸੋਧੀ ਹੋਈ ਮਨਜ਼ੂਰੀ ਰਾਜ ਪੱਧਰੀ ਇਨਵਾਇਰਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ ਵੱਲੋਂ ਹਾਸਲ ਕਰਨ ਤੋਂ ਬਾਅਦ 4-3-2019 ਨੂੰ ਇਨ੍ਹਾਂ ਪਲਾਟਾਂ ਦੀ ਜਗ੍ਹਾ ਵਾਲੇ ਖੇਤਰ ਵਿੱਚ ਵਿਕਾਸ ਕਾਰਜ ਚਲਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਹੁਣ ਇਸ ਸਾਈਟ ’ਤੇ ਕੰਮ ਚਾਲੂ ਹੈ। ਮੰਤਰੀ ਨੇ ਇੰਜੀਨੀਅਰਿੰਗ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਸ਼ਡਿਊਲ ਅਨੁਸਾਰ ਵਿਕਾਸ ਕੰਮਾਂ ਦਾ ਮੁਕੰਮਲ ਹੋਣਾ ਯਕੀਨੀ ਬਣਾਉਣ ਤਾਂ ਜੋ ਅਲਾਟੀਆਂ ਨੂੰ ਕੋਈ ਹੋਰ ਪ੍ਰੇਸ਼ਾਨੀ ਦਰਪੇਸ਼ ਨਾ ਆਵੇ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ 6 ਮਹੀਨਿਆਂ ਦਰਮਿਆਨ ਸਾਈਟ ’ਤੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ।
ਇਸ ਮਾਮਲੇ ’ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸਾਈਟ ਵਿੱਚ ਵਿਕਾਸ ਕਾਰਜਾਂ ’ਤੇ ਨਿਗਰਾਨੀ ਰੱਖ ਰਹੇ ਸਟਾਫ਼ ਨੂੰ ਕੰਮ ਦੀ ਸਥਿਤੀ ਦਾ ਨਿਯਮਿਤ ਤੌਰ ’ਤੇ ਜਾਇਜ਼ਾ ਲੈਣ ਅਤੇ ਇਸ ਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਅਸਟੇਟ ਦਫ਼ਤਰ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਵਿਕਾਸ ਕਾਰਜ ਮੁਕੰਮਲ ਹੁੰਦੇ ਹਨ ਤਾਂ ਤੁਰੰਤ ਡਰਾਅ ਕੱਢ ਕੇ ਲੈਟਰ ਆਫ਼ ਇਨਟੈਂਟ ਹੋਲਡਰਾਂ ਨੂੰ ਪਲਾਟ ਨੰਬਰ ਅਲਾਟ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…