
ਗਮਾਡਾ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਫੈਸੀਲਿਟੀ ਮੈਨੇਜਰ ਤਾਇਨਾਤ
ਲੋਕਾਂ ਨੂੰ ਹੁਣ ਸ਼ਿਕਾਇਤਾਂ ਦੇ ਨਿਪਟਾਰੇ ਲਈ ਗਮਾਡਾ ਵਿੱਚ ਖੱਜਲ-ਖੁਆਰ ਹੋਣਾ ਨਹੀਂ ਪਵੇਗਾ
ਨਬਜ਼-ਏ-ਪੰਜਾਬ, ਮੁਹਾਲੀ, 6 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਵੱਖ-ਵੱਖ ਪ੍ਰਾਜੈਕਟਾਂ ਵਿੱਚ ਰਹਿੰਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸ਼ਿਕਾਇਤ ਦੇ ਹੱਲ ਲਈ ਹੁਣ ਖੱਜਲ-ਖੁਆਰ ਹੋਣਾ ਨਹੀਂ ਪਵੇਗਾ। ਗਮਾਡਾ ਨੇ ਆਪਣੇ ਵੱਖ-ਵੱਖ ਪ੍ਰਾਜੈਕਟਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਫੈਸੀਲਿਟੀ ਮੈਨੇਜਰਾਂ ਦੀ ਤਾਇਨਾਤੀ ਕੀਤੀ ਹੈ। ਜੋ ਸਥਾਨਕ ਵਸਨੀਕਾਂ ਦੇ ਮਸਲੇ ਨੋਟ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਿੱਚ ਗਮਾਡਾ ਵਿਕਾਸ ਅਥਾਰਟੀ ਦੀ ਸਹਾਇਤਾ ਕਰਨਗੇ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਦੱਸਿਆ ਕਿ ਐਰੋਸਿਟੀ, ਈਕੋਸਿਟੀ 1 ਅਤੇ 2, ਆਈਟੀ ਸਿਟੀ ਅਤੇ ਹੋਰ ਬਹੁਤ ਸਾਰੀਆਂ ਅਰਬਨ ਅਸਟੇਟਾਂ ਦੇ ਆਉਣ ਨਾਲ ਗਮਾਡਾ ਅਧਿਕਾਰ ਖੇਤਰ ਵਿੱਚ ਪਿਛਲੇ ਕੱੁਝ ਸਾਲਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਵਸਨੀਕਾਂ ਨੂੰ ਕਈ ਵਾਰ ਸਿਵਲ, ਪਬਲਿਕ ਹੈਲਥ, ਇਲੈਕਟ੍ਰੀਕਲ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਤਰਜੀਹੀ ਢੰਗ ਨਾਲ ਹੱਲ ਕਰਨ ਲਈ ਸਟਾਫ਼ ਦੀ ਤਾਇਨਾਤੀ ਦੀ ਲੋੜ ’ਤੇ ਵਿਚਾਰ ਕੀਤਾ ਗਿਆ ਅਤੇ ਫੈਸੀਲਿਟੀ ਮੈਨੇਜਰਾਂ ਨੂੰ ਠੇਕੇ ਦੇ ਆਧਾਰ ’ਤੇ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਨਾਲ ਕਰਾਰ ਕਰਕੇ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਫੈਸੀਲਿਟੀ ਮੈਨੇਜਰਾਂ ਦੇ ਦਫ਼ਤਰ ਐਰੋਸਿਟੀ ਅਤੇ ਈਕੋਸਿਟੀ-2 ਵਿੱਚ ਸਥਿਤ ਵਾਟਰ ਵਰਕਸ ਸਾਈਟਾਂ ’ਤੇ ਸਥਾਪਿਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਸਮੱਸਿਆ ਦੀ ਰਿਪੋਰਟ ਕਰਨ ਲਈ ਲੋਕ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ। ਇਹੀ ਨਹੀਂ ਲੋਕਾਂ ਨੂੰ ਆਪਣੇ ਮਸਲਿਆਂ ਦੇ ਨਿਪਟਾਰੇ ਲਈ ਵਾਰ-ਵਾਰ ਗਮਾਡਾ ਦਫ਼ਤਰ ਵਿੱਚ ਆਉਣ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਐਰੋਸਿਟੀ ਵਿੱਚ ਤਾਇਨਾਤ ਸਟਾਫ਼ ਐਰੋਸਿਟੀ ਅਤੇ ਆਈਟੀ ਸਿਟੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ, ਉੱਥੇ ਈਕੋਸਿਟੀ-2 ਵਿੱਚ ਬੈਠਾ ਅਮਲਾ ਈਕੋਸਿਟੀ-1 ਅਤੇ ਮੈਡੀਸਿਟੀ ਨਾਲ ਸਬੰਧਤ ਸ਼ਿਕਾਇਤਾਂ ਦਾ ਵੀ ਨਿਪਟਾਰਾ ਕਰੇਗਾ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਫੈਸੀਲਿਟੀ ਮੈਨੇਜਰਾਂ ਨੂੰ ਉਨ੍ਹਾਂ ਦੇ ਕੰਮ ਬਾਰੇ ਦੱਸ ਦਿੱਤਾ ਗਿਆ ਹੈ। ਜਿਵੇਂ ਹੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਦਰਜ ਹੋਵੇਗੀ, ਉਹ ਤੁਰੰਤ ਇੰਜੀਨੀਅਰਿੰਗ ਵਿੰਗ ਨੂੰ ਰਿਪੋਰਟ ਕਰਨਗੇ ਅਤੇ ਨਾਲ ਹੀ ਸਮੱਸਿਆਵਾਂ ਦੇ ਹੱਲ ਬਾਰੇ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਫੋਨ ਨੰਬਰਾਂ 6239333503 (ਐਰੋਸਿਟੀ ਤੇ ਆਈਟੀ ਸਿਟੀ ਲਈ) ਅਤੇ 7719642086 (ਈਕੋਸਿਟੀ 1,2 ਅਤੇ ਮੈਡੀਸਿਟੀ ਲਈ) ਵੀ ਫੈਸੀਲਿਟੀ ਮੈਨੇਜਰਾਂ ਨਾਲ ਸੰਪਰਕ ਕਰ ਸਕਦੇ ਹਨ।
ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਫੈਸੀਲਿਟੀ ਮੈਨੇਜਰ ਹਫ਼ਤੇ ਦੇ ਸਾਰੇ ਦਿਨ ਦਫ਼ਤਰਾਂ ਵਿੱਚ ਉਪਲਬਧ ਰਹਿਣਗੇ। ਇਨ੍ਹਾਂ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਸਬੰਧਤ ਸ਼ਿਕਾਇਤਾਂ ਦਾ ਰਿਕਾਰਡ ਰੱਖਣ ਲਈ ਇੱਕ ਆਈਟੀ ਸਹਾਇਕ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਟੀਮ ਜਿਸ ਵਿੱਚ ਪਲੰਬਰ, ਇਲੈਕਟ੍ਰੀਸ਼ੀਅਨ, ਸੀਵਰਮੈਨ ਅਤੇ ਹੋਰ ਸਹਾਇਕ ਸਟਾਫ਼ ਸ਼ਾਮਲ ਹੈ, ਵੀ ਮੁਹੱਈਆ ਕਰਵਾਈ ਗਈ ਹੈ।