
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਦੇ ਵਿਕਾਸ ਲਈ ਗਮਾਡਾ ਨੂੰ 50 ਕਰੋੜ ਤੁਰੰਤ ਜਾਰੀ ਕਰਨ ਲਈ ਕਿਹਾ
ਸ਼ਹਿਰ ਦੀਆਂ ਦੋ ਖੋਖਾ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਸਰਵੇ ਮੁਤਾਬਕ ਪੱਕੀਆਂ ਦੁਕਾਨਾਂ ਅਲਾਟ ਕਰਨ ਦੀ ਗੁਹਾਰ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੈਕਟਰ-76 ਤੋਂ 80 ਦੇ ਸਰਬਪੱਖੀ ਵਿਕਾਸ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਮੁੱਦੇ ’ਤੇ ਅੱਜ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਸੁੱਖ ਸਰਕਾਰੀਆ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਪੁੱਡਾ ਦੇ ਸਕੱਤਰ ਸਰਬਜੀਤ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ ਅਤੇ ਗਮਾਡਾ\ਪੁੱਡਾ ਅਤੇ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ। ਦੋਵੇਂ ਮੰਤਰੀਆਂ ਨੇ ਗਮਾਡਾ ਅਤੇ ਨਗਰ ਨਿਗਮ ਦੇ ਆਪਸੀ ਤਾਲਮੇਲ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਅਤੇ ਸੈਕਟਰ-76 ਤੋਂ 80 ਦੇ ਪਾਰਕਾਂ ਅਤੇ ਹੋਰ ਵਿਕਾਸ ਕੰਮਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਖੇਤਰ ਦੇ ਵਿਕਾਸ ਲਈ ਕੋਈ ਕਸਰ ਨਾ ਛੱਡੀ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਵਿਕਾਸ ਲਈ ਗਮਾਡਾ ਤੋਂ 50 ਕਰੋੜ ਰੁਪਏ ਦੇ ਫੰਡ ਤੁਰੰਤ ਮੁਹੱਈਆ ਕਰਾਉਣ ਲਈ ਪੁੱਡਾ ਮੰਤਰੀ ਸੁੱਖ ਸਰਕਾਰੀਆ ਨੂੰ ਪਹਿਲਕਦਮੀ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਵੀ ਸਿੱਧੂ ਦੀ ਦਖ਼ਲਅੰਦਾਜ਼ੀ ਸਦਕਾ ਗਮਾਡਾ ਵੱਲੋਂ ਪਾਰਕਾਂ ਅਤੇ ਹੋਰ ਕੰਮਾਂ ਲਈ ਨਗਰ ਨਿਗਮ ਨੂੰ ਕ੍ਰਮਵਾਰ 25 ਕਰੋੜ ਅਤੇ 9 ਕਰੋੜ ਰੁਪਏ ਰਿਲੀਜ਼ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਪੁੱਡਾ ਮੰਤਰੀ ਨੂੰ ਕਿਹਾ ਕਿ ਸੈਕਟਰ-76 ਤੋਂ 80 ਦੇ ਕਾਫ਼ੀ ਵਿਕਾਸ ਕਾਰਜ ਅਧੂਰੇ ਪਏ ਹਨ, ਜੋ ਗਮਾਡਾ ਵੱਲੋਂ ਕੀਤੇ ਜਾਣੇ ਸਨ। ਇੰਜ ਹੀ ਪਾਰਕਾਂ ਦੇ ਰੱਖ ਰਖਾਓ ਦਾ ਸਾਰਾ ਖ਼ਰਚਾ ਵੀ ਗਮਾਡਾ ਨੇ ਦੇਣਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਲਈ ਨਗਰ ਨਿਗਮ ਤੁਰੰਤ 50 ਕਰੋੜ ਰੁਪਏ ਰਿਲੀਜ਼ ਕੀਤੇ ਜਾਣ। ਪੁੱਡਾ ਮੰਤਰੀ ਸੁੱਖ ਸਰਕਾਰੀਆ ਨੇ ਸਿਹਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਮਿਸ਼ਨਰ ਨੂੰ ਕਿਹਾ ਕਿ ਉਹ ਵਿਕਾਸ ਸਬੰਧੀ ਤਜਵੀਜ਼ਾਂ ਦਿੱਤੀਆਂ ਜਾਣ ਤਾਂ ਜੋ ਤੁਰੰਤ ਫੰਡ ਮੁਹੱਈਆ ਕਰਵਾਏ ਜਾ ਸਕਣ। ਮੁਹਾਲੀ ਵਿੱਚ ਗੁਰੂ ਨਾਨਕ ਖੋਖਾ ਮਾਰਕੀਟ ਅਤੇ ਸ਼ਹੀਦ ਭਗਤ ਸਿੰਘ ਖੋਖਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਸਰਵੇ ਮੁਤਾਬਕ ਪੱਕੀਆਂ ਦੁਕਾਨਾਂ ਦਿੱਤੀਆਂ ਜਾਣ। ਇਸ ਸਬੰਧੀ ਵੀ ਪੁੱਡਾ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ।