ਗਮਾਡਾ ਨੇ ਪੁਰਾਣਾ ਅੰਤਰਰਾਜ਼ੀ ਬੱਸ ਅੱਡਾ ਕੀਤਾ ਤਹਿਾਸ ਨਹਿਸ, ਐਂਟਰੀ ਪੁਆਇੰਟਾਂ ’ਤੇ ਡੂੰਘੇ ਖੱਡੇ ਪੁੱਟੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਇੱਥੋਂ ਦੇ ਫੇਜ਼-8 ਵਿੱਚ ਸਥਿਤ ਪੁਰਾਣੇ ਅੰਤਰਰਾਜ਼ੀ ਬੱਸ ਸਟੈਂਡ ਨੂੰ ਅੱਜ ਸਵੇਰੇ ਗਮਾਡਾ ਦੀਆਂ ਇੱਕ ਦਰਜਨ ਦੇ ਕਰੀਬ ਜੇਸੀਬੀ ਮਸ਼ੀਨਾਂ ਨੇ ਪੰਜੇ ਮਾਰ ਮਾਰ ਕੇ ਤਹਿਸ ਨਹਿਸ ਕਰ ਦਿੱਤਾ। ਇੱਕ ਤਰ੍ਹਾਂ ਨਾਲ ਅੱਜ ਇਸ ਬੱਸ ਅੱਡੇ ਦਾ ਵਜੂਦ ਹੀ ਖਤਮ ਹੋ ਗਿਆ। ਗਮਾਡਾ ਦੀ ਟੀਮ ਵੱਲੋਂ ਬੱਸ ਅੱਡੇ ਵਾਲੀ ਥਾਂ ਦੇ ਆਸ ਪਾਸ ਥੜੇ ਪੁੱਟ ਕੇ ਉੱਥੇ ਕੰਡਿਆਲੀ ਤਾਰ ਲਗਾ ਦਿੱਤੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕਰੀਬ 25 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਹ ਬੱਸ ਅੱਡਾ ਆਬਾਦ ਕੀਤਾ ਸੀ ਲੇਕਿਨ ਅੱਜ ਕਾਂਗਰਸ ਪਾਰਟੀ ਦੀ ਹੀ ਕੈਪਟਨ ਸਰਕਾਰ ਨੇ ਇਸ ਦਾ ਨਾਮੋ ਨਿਸ਼ਾਨ ਮਿੱਟਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਗਮਾਡਾ ਦੀ ਟੀਮ ਇਸ ਬੱਸ ਸਟੈਂਡ ਵਿੱਚ ਪਹੁੰਚੀ। ਇਸ ਟੀਮ ਦੇ ਨਾਲ ਭਾਰੀ ਪੁਲੀਸ ਦਲ ਵੀ ਸੀ। ਇਸ ਟੀਮ ਦੇ ਨਾਲ ਇੱਕ ਦਰਜਨ ਦੇ ਕਰੀਬ ਜੇ ਸੀ ਬੀ ਮਸ਼ੀਨਾਂ ਵੀ ਸਨ। ਭਾਰੀ ਸੁਰਖਿਆ ਪ੍ਰਬੰਧਾਂ ਹੇਠ ਗਮਾਡਾ ਦੀ ਟੀਮ ਨੇ ਆਉਣ ਸਾਰ ਹੀ ਜੇਸੀਬੀ ਮਸ਼ੀਨਾਂ ਨਾਲ ਇੱਕ ਦਮ ਹੀ ਬੱਸ ਸਟੈਂਡ ਦੀ ਇਮਾਰਤ ਉਪਰ ਹੱਲਾ ਬੋਲ ਦਿਤਾ ਅਤੇ ਕੁਝ ਸਮੇੱ ਵਿੱਚ ਹੀ ਇਸ ਬੱਸ ਸਟੈਂਡ ਦੇ ਪਲੇਟ ਫਾਰਮ, ਬਰਾਮਦੇ, ਬੈਂਚ ਆਦਿ ਬੁਰੀ ਤਰ੍ਹਾਂ ਤੋੜ ਦਿੱਤੇ ਗਏ। ਗਮਾਡਾ ਵੱਲੋਂ ਜੇਸੀਬੀ ਮਸ਼ੀਨਾਂ ਨਾਲ ਇਸ ਬੱਸ ਸਟੈਂਡ ਦਾ ਸਾਰਾ ਪਲੇਟਫਾਰਮ ਪੁੱਟ ਕੇ ਪੱਧਰਾ ਕਰ ਦਿੱਤਾ ਗਿਆ ਅਤੇ ਬੱਸਾਂ ਖੜ੍ਹਨ ਵਾਲੇ ਸਟੈਂਡ ਉਪਰ ਵੀ ਜੇਸੀਬੀ ਮਸ਼ੀਨ ਰਾਹੀਂ ਟੋਏ ਪੁੱਟ ਦਿਤੇ। ਇਸ ਉਪਰੰਤ ਇਸ ਬੱਸ ਸਟੈਂਡ ਦੇ ਅੰਦਰ ਬੱਸਾਂ ਜਾਣ ਤੋਂ ਰੋਕਣ ਲਈ ਜੇਸੀਬੀ ਮਸ਼ੀਨਾਂ ਨਾਲ ਬੱਸ ਸਟੈਂਡ ਦੇ ਆਲੇ ਦੁਆਲੇ ਦੀ ਜਮੀਨ ਪੁੱਟ ਦਿੱਤੀ।
ਗਮਾਡਾ ਦੀ ਟੀਮ ਨੇ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਤੇ ਆਪਣੀ ਪੂਰੀ ਕਾਰਵਾਈ ਕਰਕੇ ਹੀ ਸਾਹ ਲਿਆ। ਇਸ ਮੌਕੇ ਮੌਜੂਦ ਗਮਾਡਾ ਦੇ ਐਕਸੀਅਨ ਸ੍ਰੀ ਨਵੀਨ ਕੰਬੋਜ ਨੇ ਕਿਹਾ ਕਿ ਇਹ ਕਾਰਵਾਈ ਉਚ ਅਧਿਕਾਰੀਆਂ ਦੇ ਹੁਕਮ ਉਪਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਨਵਾਂ ਬੱਸ ਅੱਡਾ ਫੇਜ਼-6 ਵਿਖੇ ਬਣਾਇਆ ਹੈ ਅਤੇ ਇਹ ਥਾਂ ਗਮਾਡਾ ਵੱਲੋਂ ਕਬਜ਼ੇ ਵਿੱਚ ਲਈ ਗਈ ਹੈ। ਇਸ ਥਾਂ ਨੂੰ ਗਮਾਡਾ ਵੱਲੋੱ ਖੁਲ੍ਹੀ ਨਿਲਾਮੀ ਵਿੱਚ ਵੇਚਣ ਦੀ ਵੀ ਤਜਵੀਜ ਹੈ। ਇਸ ਮੌਕੇ ਪੁਲੀਸ ਦੇ ਸੀਨੀਅਰ ਅਧਿਕਾਰੀ, ਵੱਖ ਵੱਖ ਥਾਣਿਆਂ ਦੇ ਐਸਐਚਓਜ਼ ਅਤੇ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ, ਹਰਮਨਪ੍ਰੀਤ ਸਿੰਘ ਪ੍ਰਿੰਸ, ਸ੍ਰੀਮਤੀ ਜਸਵੀਰ ਕੌਰ ਅੱਤਲੀ (ਸਾਰੇ ਕੌਂਸਲਰ), ਅਕਾਲੀ ਕੌਂਸਲਰ ਰਮਨਪ੍ਰੀਤ ਕੌਰ ਦੇ ਪਤੀ ਹਰਮੇਸ਼ ਸਿੰਘ ਨੇ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਅਕਾਲੀ ਕੌਂਸਲਰ ਸਤਵੀਰ ਧਨੋਆ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਇਸਦਾ ਦੂਸਰਾ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿ ਫੇਜ਼-6 ਵਿੱਚ ਸਥਿਤ ਨਵਾਂ ਬੱਸ ਸਟੈਂਡ ਫੇਜ-7,8,9,10,11 ਅਤੇ ਸੈਕਟਰ-66 ਤੋਂ 69 ਤੇ ਹੋਰਨਾਂ ਸੈਕਟਰਾਂ ਨੇ ਵਸਨੀਕਾਂ ਨੂੰ ਬਹੁਤ ਦੂਰ ਪੈਂਦਾ ਹੈ। ਫੇਜ਼ 6 ਦੇ ਨਵੇਂ ਬੱਸ ਸਟੈਂਡ ਉਪਰ ਜਾਣ ਲਈ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਗਮਾਡਾ ਵੱਲੋਂ ਨਵੇਂ ਬੱਸ ਅੱਡੇ ਨੂੰ ਲਾਭ ਪਹੁੰਚਾਉਣ ਲਈ ਹੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਪਰੋਕਤ ਇਲਾਕਿਆਂ ’ਚੋਂ ਫੇਜ਼-6 ਦੇ ਨਵੇਂ ਬੱਸ ਸਟੈਂਡ ਜਾਣ ਲਈ ਆਟੋ ਵਾਲੇ ਵੀ 50 ਰੁਪਏ ਪ੍ਰਤੀ ਸਵਾਰੀ ਤੋਂ ਘੱਟ ਨਹੀਂ ਲੈਂਦੇ ਅਤੇ ਉਸ ਪਾਸੇ ਆਟੋ ਜਾਂਦੇ ਵੀ ਬਹੁਤ ਘੱਟ ਹਨ, ਜਿਸ ਕਰਕੇ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ।
ਉਹਨਾਂ ਕਿਹਾ ਕਿ ਫੇਜ਼-8 ਵਿੱਚ ਹੀ ਗਮਾਡਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਅਤੇ ਫੋਰਟਿਸ ਵਰਗੇ ਮੁੱਖ ਹਸਪਤਾਲ ਹਨ। ਇਹਨਾਂ ਵਿੱਚ ਹਰ ਦਿਨ ਹੀ ਸੈਂਕੜੇ ਲੋਕ ਆਪਣੇ ਕੰਮ ਧੰਦੇ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ’ਚੋਂ ਆਉੱਦੇ ਹਨ। ਹੁਣ ਇਹਨਾਂ ਲੋਕਾਂ ਨੂੰ ਪਹਿਲਾਂ ਨਵੇੱ ਬਸ ਸਟੈਂਡ ਜਾਣ ਪਵੇਗਾ ਅਤੇ ਫਿਰ ਉਥੋੱ ਹੀ ਇਹ ਲੋਕ ਫੇਜ਼-8 ਵਿੱਚ ਆ ਸਕਣਗੇ। ਇਸ ਤਰ੍ਹਾਂ ਇਹਨਾਂ ਲੋਕਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੋਵੇਗਾ ਤੇ ਪ੍ਰੇਸ਼ਾਨੀ ਵਧੇਗੀ।
ਉਹਨਾਂ ਕਿਹਾ ਕਿ ਅੱਜ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਦੀ ਇਮਾਰਤ ਢਾਹ ਕੇ ਇਸ ਨੂੰ ਬੰਦ ਕੀਤੇ ਜਾਣ ਕਾਰਨ ਇਸ ਬੱਸ ਅੱਡੇ ਕੋਲ ਬੱਸਾਂ ਲੈਣ ਆਏ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਹੈਰਾਨ ਪ੍ਰੇਸ਼ਾਨ ਹੋਏ ਇੱਕ ਦੂਜੇ ਤੋੱ ਨਵੇੱ ਬੱਸ ਅੱਡੇ ਦਾ ਰਸਤਾ ਤੇ ਉਥੇ ਪਹੁੰਚਣ ਦਾ ਸਾਧਨ ਪੁੱਛ ਰਹੇ ਸਨ। ਇਸੇ ਦੌਰਾਨ ਆਟੋ ਵਾਲਿਆਂ ਨੇ ਵੀ ਨਵੇੱ ਬੱਸ ਅੱਡੇ ਜਾਣ ਲਈ ਮਜਬੂਰ ਲੋਕਾਂ ਤੋੱ ਮਨਮਰਜੀ ਦੇ ਪੈਸੇ ਵਸੂਲ ਕੀਤੇ।
ਗਮਾਡਾ ਵੱਲੋੱ ਬੱਸ ਅੱਡੇ ਦੇ ਖੇਤਰ ਦੀ ਤੋੜਭੰਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋੱ ਮਿਉੱਸਪਲ ਕੌਂਸਲਰ ਨੇ ਕਿਹਾ ਕਿ ਸਰਕਾਰ ਵੱਲੋਂ ਫੇਜ਼-6 ਦੇ ਬੱਸ ਅੱਡੇ ਨੂੰ ਫਾਇਦਾ ਦੇਣ ਲਈ ਕੀਤੀ ਗਈ ਇਹ ਕਾਰਵਾਈ ਸ਼ਹਿਰ ਵਾਸੀਆਂ ਨਾਲ ਧੱਕਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋੱ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਇਸ ਬੱਸ ਅੱਡੇ ਦੀ ਇਮਾਰਤ ਨੂੰ ਬੰਦ ਨਹੀਂ ਹੋਣ ਦੇਣਗੇ ਅਤੇ ਉਹਨਾਂ ਨੂੰ ਇਸ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦੇ। ਉਹਨਾਂ ਕਿਹਾ ਕਿ ਸ਼ਹਿਰ ਵਾਸਤੇ ਉਸਾਰੇ ਗਏ ਨਵੇਂ ਅੰਤਰਰਾਜੀ ਬੱਸ ਅੱਡੇ ਤੇ ਵੱਡਾ ਨਿਵੇਸ਼ ਹੋਇਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਉਸ ਦਾ ਫਾਇਦਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ\ਸ਼ਹਿਰ ਵਿੱਚ ਲੋਕਲ ਬੱਸ ਸਰਵਿਸ ਆਰੰਭ ਹੋ ਰਹੀ ਹੈ ਤਾਂ ਲੋਕਾਂ ਨੂੰ ਬੱਸ ਅੱਡੇ ਤੱਕ ਪਹੁੰਚਣ ਵਿੱਚ ਕਈ ਸਮੱਸਿਆ ਨਹੀਂ ਆਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …