nabaz-e-punjab.com

ਮੁਹਾਲੀ ਵਿੱਚ ਜੰਕ ਸਾਈਟਾਂ ਦੀ ਖ਼ੁਦ ਵਿਕਰੀ ਕਰੇ ਗਮਾਡਾ: ਸ਼ਲਿੰਦਰ ਆਨੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਗਮਾਡਾ ਰਾਹੀਂ ਵੇਚੀਆਂ ਜਾ ਰਹੀਆਂ ਜੰਕ ਸਾਈਟਾਂ (ਜਿੱਥੇ ਬਾਅਦ ਵਿੱਚ ਬਿਲਡਰਾਂ ਵੱਲੋਂ ਸ਼ੋਅਰੂਮ ਅਤੇ ਬੂਥ ਕੱਟ ਕੇ ਵੇਚੇ ਜਾਣੇ ਹਨ) ਦੀ ਵਿਕਰੀ ਬਿਲਡਰਾਂ ਨੂੰ ਕਰਨ ਦੀ ਇਹ ਜ਼ਮੀਨਾਂ ਸਿੱਧੇ ਤੌਰ ’ਤੇ ਖਪਤਕਾਰਾਂ ਨੂੰ ਕੀਤੀ ਜਾਣੀ ਚਾਹੀਦੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸ਼ਲਿੰਦਰ ਆਨੰਦ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਸਾਈਟਾਂ ਨੂੰ ਖ਼ਰੀਦਣ ਵਾਲੇ ਬਿਲਡਰਾਂ ਨੂੰ ਗਮਾਡਾ ਵੱਲੋਂ ਜਿਹੜੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਹ ਰਿਆਇਤਾਂ ਸ਼ਹਿਰ ਵਿੱਚ ਪਹਿਲਾਂ ਵਪਾਰਕ ਜਾਇਦਾਦ ਖਰੀਦਣ ਵਾਲੇ ਖਪਤਕਾਰਾਂ ਨੂੰ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਸ੍ਰੀ ਸ਼ਲਿੰਦਰ ਆਨੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਜੰਕ ਸਾਈਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਇਸ ਨਿਲਾਮੀ ਦੌਰਾਨ ਸਾਈਟ ਦੀ ਕੁਲ ਕੀਮਤ ਦਾ 15 ਫੀਸਦੀ ਪਹਿਲਾਂ ਦੇਣਾ ਪੈਣਾ ਹੈ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਕਿਹਾ ਗਿਆ ਹੈ ਕਿ ਪਹਿਲੇ ਦੋ ਸਾਲ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ ਪ੍ਰੰਤੂ ਵਿਆਜ ਜ਼ਰੂਰ ਦੇਣਾ ਪਵੇਗਾ। ਜਦੋਂਕਿ ਤੀਜੇ ਸਾਲ ਵਿੱਚ ਕਿਸ਼ਤ ਸ਼ੁਰੂ ਕੀਤੀ ਜਾਣੀ ਹੈ, ਜੋ ਕਿ ਅਗਲੇ 6 ਸਾਲਾਂ ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਜੰਕ ਸਾਈਟਾਂ ਦੀ ਵਿਕਰੀ ਬਿਲਡਰਾਂ ਰਾਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਬਿਲਡਰਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਜਦੋਂਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਸਾਈਟਾਂ ਦੀ ਵਿਕਰੀ ਗਮਾਡਾ ਰਾਹੀਂ ਖ਼ੁਦ ਸਿੱਧੇ ਤੌਰ ’ਤੇ ਕਰਨੀ ਚਾਹੀਦੀ ਹੈ ਤਾਂ ਕਿ ਇਸ ਦਾ ਲਾਭ ਆਮ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਸਾਈਟਾਂ ਦੀ ਵਿਕਰੀ (ਗਮਾਡਾ ਰਾਹੀਂ) ਕਰੇਗੀ ਤਾਂ ਸਰਕਾਰ ਦੇ ਰੈਵੇਨਿਊ ਵਿੱਚ ਤਾਂ ਭਾਰੀ ਵਾਧਾ ਹੋਵੇਗਾ ਹੀ ਇਸ ਦਾ ਆਮ ਲੋਕਾਂ ਨੂੰ ਵੀ ਕਾਫੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਲਡਰਾਂ ਨੂੰ ਪਹਿਲਾਂ ਹੀ ਕਾਫ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਆਮ ਲੋਕਾਂ ਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ਹਿਰ ਵਿੱਚ ਬੂਥਾਂ ਅਤੇ ਬੇਸਮੈਂਟਾਂ ਉੱਤੇ ਉਸਾਰੀ ਕਰਨ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਸਹੂਲਤਾਂ ਮਿਲਣ ਦੇ ਨਾਲ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ। ਉਨ੍ਹਾਂ ਕਿਹਾ ਕਿ ਸੈਕਟਰ-67,69,70,79 ਵਿੱਚ ਗਮਾਡਾ ਤੇ ਬਿਲਡਰਾਂ ਨੇ ਖ਼ੁਦ ਵੀ ਡਬਲ ਸਟੋਰੀ ਬੂਥ ਬਣਾਏ ਹੋਏ ਹਨ। ਇਸ ਤਰ੍ਹਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਬੂਥਾਂ ’ਤੇ ਉਸਾਰੀ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…