Nabaz-e-punjab.com

ਗਮਾਡਾ ਨੇ ਪ੍ਰਾਈਵੇਟ ਹਸਪਤਾਲ ਨੂੰ ਵੇਚੀ ਲਿੰਕ ਸੜਕ, ਕਈ ਪਿੰਡਾਂ ਦਾ ਲਾਂਘਾ ਬੰਦ

ਹਸਪਤਾਲ ਪ੍ਰਬੰਧਕਾਂ ਨੇ ਸੜਕ ਪੁੱਟੀ, ਸਰਪੰਚ ਨੇ ਕੰਮ ਰੁਕਵਾਇਆ, ਥਾਣੇ ’ਚ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡਾਂ ਨੂੰ ਜਾਂਦੀ ਲਿੰਕ ਸੜਕ ਵਾਲੀ ਜ਼ਮੀਨ ਵੀ ਪ੍ਰਾਈਵੇਟ ਹਸਪਤਾਲ ਬਣਾਉਣ ਲਈ ਵੇਚ ਦਿੱਤੀ ਹੈ। ਇਸ ਗੱਲ ਦਾ ਉਦੋਂ ਖੁਲਾਸਾ ਜਦੋਂ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੇ ਲਿੰਕ ਸੜਕ ਪੁੱਟਣੀ ਸ਼ੁਰੂ ਦਿੱਤੀ। ਜਿਸ ਕਾਰਨ ਪਿੰਡ ਮਾਜਰਾ ਤੋਂ ਪਿੰਡ ਰੁੜਕਾ, ਚਾਂਦੀਪੁਰ, ਪਾਪੜੀ ਨੂੰ ਜਾਂਦੀ ਸੜਕ ’ਤੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੱਛੇ ਜਿਹੇ ਗਮਾਡਾ ਨੇ ਉਕਤ ਜ਼ਮੀਨ ਦਾ ਟੁਕੜਾ ਮੈਡੀਕਲ ਸਾਈਟ ਵਜੋਂ ਇਕ ਕਾਰੋਬਾਰੀ ਪਰਿਵਾਰ ਨੂੰ ਵੇਚ ਦਿੱਤਾ ਹੈ। ਜਿੱਥੇ ਹੁਣ ਸਬੰਧਤ ਘਰਾਣੇ ਵੱਲੋਂ ਮੈਡੀਕਲ ਕੰਪਲੈਕਸ ਦੀ ਉਸਾਰੀ ਲਈ ਆਪਣੀ ਜ਼ਮੀਨ ਵਿੱਚ ਖੁਦਾਈ ਕਰਦਿਆਂ ਕੁਝ ਸਮਾਂ ਪਹਿਲਾਂ ਹੀ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਸੜਕ ਵੀ ਪੁੱਟ ਦਿੱਤੀ ਗਈ ਹੈ। ਜਿਸ ਦਾ ਗਰਾਮ ਪੰਚਾਇਤ ਰੁੜਕਾ ਨੇ ਸਖ਼ਤ ਵਿਰੋਧ ਕੀਤਾ ਹੈ। ਇਹ ਮਾਮਲਾ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਪਹੁੰਚ ਗਿਆ ਹੈ। ਸਰਪੰਚ ਹਰਜੀਤ ਸਿੰਘ ਢਿੱਲੋਂ ਨੇ ਸੜਕ ਪੁੱਟਣ ਦਾ ਕੰਮ ਰੁਕਵਾ ਕੇ ਹਸਪਤਾਲ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਲਈ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਪਿੰਡ ਸਰਪੰਚ ਹਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਮਵਾਰ ਨੂੰ ਹਸਪਤਾਲ ਪ੍ਰਬੰਧਕਾਂ ਨੇ ਡੇਢ ਕੁ ਮਹੀਨਾ ਪਹਿਲਾਂ ਬਣੀ ਲਿੰਕ ਸੜਕ ਪੁੱਟ ਦਿੱਤੀ ਹੈ। ਸੂਚਨਾ ਮਿਲਦੇ ਹੀ ਉਹ ਬਾਕੀ ਪੰਚਾਇਤ ਮੈਂਬਰਾਂ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਜਦੋਂ ਕੰਮ ਬੰਦ ਕਰਨ ਨੂੰ ਕਿਹਾ ਤਾਂ ਉਲਟਾ ਸਬੰਧਤ ਵਿਅਕਤੀਆਂ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਧਮਕੀ ਦਿੱਤੀ। ਜ਼ਮੀਨ ਦੀ ਖੁਦਾਈ ਕਰ ਰਹੇ ਵਿਅਕਤੀਆਂ ਦਾ ਕਹਿਣਾ ਸੀ ਕਿ ਗਮਾਡਾ ਨੇ ਇਹ ਜ਼ਮੀਨ ਉਨ੍ਹਾਂ ਨੂੰ ਹਸਪਤਾਲ ਬਣਾਉਣ ਲਈ ਵੇਚੀ ਗਈ ਹੈ ਅਤੇ ਪੀਡਬਲਿਊਡੀ ਨੇ ਉਨ੍ਹਾਂ ਦੀ ਜ਼ਮੀਨ ’ਚੋਂ ਸੜਕ ਬਣਾਈ ਗਈ ਹੈ। ਸਰਪੰਚ ਨੇ ਤੁਰੰਤ ਜੇਈ ਰਾਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਫ਼ਤਰ ’ਚੋਂ ਇਕ ਟੀਮ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ।
ਪੀਡਬਲਿਊਡੀ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਲੇਕਿਨ ਹੁਣ ਸਬੰਧਤ ਐਸਡੀਓ ਤੋਂ ਰਿਪੋਰਟ ਤਲਬ ਕਰਕੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਐਸਡੀਓ ਸੁਨੀਲ ਕੁਮਾਰ ਨੇ ਦੱਸਿਆ ਕਿ ਜੇਈ ਨੇ ਹਾਲ ਹੀ ਵਿੱਚ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਹੀ ਪਿੰਡ ਮਾਜਰਾ ਤੋਂ ਰੁੜਕਾ, ਚਾਂਦੀਪੁਰ ਅਤੇ ਪਾਪੜੀ ਤੱਕ ਨਵੀਂ ਲਿੰਕ ਸੜਕ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਗਮਾਡਾ ਨੇ ਇਹ ਸਾਈਟ ਵੇਚਣ ਤੋਂ ਪਹਿਲਾਂ ਪੀਡਬਲਿਊਡੀ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਮੈਡੀਕਲ ਸਾਈਟ ਨੂੰ ਵੇਚਣ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਐਸਡੀਓ ਨੇ ਇਸ ਸਬੰਧੀ ਗਮਾਡਾ ਨੂੰ ਚਿੱਠੀ ਲਿਖ ਕੇ ਸਟੇਟਸ ਪਤਾ ਕੀਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਦੀ ਸਹੂਲਤ ਲਈ ਲਾਂਘੇ ਦਾ ਬਦਲਵਾਂ ਪ੍ਰਬੰਧ ਕੀਤਾ ਜਾ ਸਕੇ।
(ਬਾਕਸ ਆਈਟਮ)
ਗਮਾਡਾ ਦੇ ਅਸਟੇਟ ਅਫ਼ਸਰ (ਪਲਾਟਸ) ਸੰਜੀਵ ਕੁਮਾਰ ਨੇ ਦੱਸਿਆ ਕਿ ਗਮਾਡਾ ਜਦੋਂ ਵੀ ਪਲਾਟਾਂ ਜਾਂ ਵਿਸ਼ੇਸ਼ ਸਾਈਟਾਂ ਦੀ ਨਿਲਾਮੀ ਕਰਦਾ ਹੈ ਤਾਂ ਸਮੁੱਚੀ ਕਾਰਵਾਈ ਸਰਕਾਰੀ ਨੇਮਾਂ ਅਨੁਸਾਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜ਼ਮੀਨ ਨੂੰ ਵੇਚਣ ਸਬੰਧੀ ਕੋਈ ਸੜਕ ਜਾਂ ਰਸਤਾ ਵਿੱਚ ਆਉਂਦਾ ਹੈ ਤਾਂ ਬਕਾਇਦਾ ਬਦਲਵੇਂ ਪ੍ਰਬੰਧ ਕੀਤੇ ਜਾਂਦੇ ਹਨ। ਉਂਜ ਵੀ ਇਸ ਖੇਤਰ ਵਿੱਚ ਨਵੀਆਂ ਸੈਕਟਰ ਸੜਕਾਂ ਬਣਾਈਆਂ ਗਈਆਂ ਹਨ। ਫਿਰ ਵੀ ਉਹ ਇਸ ਸਮੁੱਚੇ ਮਾਮਲੇ ਬਾਰੇ ਪਤਾ ਕਰਵਾਉਣਗੇ। (ਧੰਨਵਾਦ ਸਾਹਿਤ: ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…