Nabaz-e-punjab.com

ਰਿਸ਼ਵਤਖ਼ੋਰ ਮਾਮਲੇ ਵਿੱਚ ਗਮਾਡਾ ਦਾ ਸੀਨੀਅਰ ਅਸਿਸਟੈਂਟ ਦੋਸ਼ੀ ਕਰਾਰ, ਵੀਰਵਾਰ ਨੂੰ ਸੁਣਵਾਈ ਜਾਵੇਗੀ ਸਜ਼ਾ

ਐਰੋਸਿਟੀ ਲਈ ਗਮਾਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਦਾ ਕੇਸ ਹੱਲ ਕਰਨ ਲਈ ਮੰਗੇ ਸੀ 2 ਲੱਖ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਮੁਹਾਲੀ ਅਦਾਲਤ ਨੇ ਦੋ ਸਾਲ ਪੁਰਾਣੇ ਭ੍ਰਿਸ਼ਟਾਚਾਰ ਮਾਮਲੇ ਦਾ ਨਿਬੇੜਾ ਕਰਦਿਆਂ ਗਮਾਡਾ ਦੇ ਸੀਨੀਅਰ ਅਸਿਸਟੈਂਟ ਕਿਰਨਪਾਲ ਸਿੰਘ ਨੂੰ ਪੀੜਤ ਕਿਸਾਨ ਤੋਂ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀ ਨੂੰ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਪੰਜਾਬ ਵਿਜੀਲਂੈਸ ਬਿਊਰੋ (ਉਡਣ ਦਸਤਾ) ਦੇ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ 23 ਜੂਨ 2017 ਨੂੰ ਗਮਾਡਾ ਦੇ ਅਸਟੇਟ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (2) ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਇੱਥੋਂ ਦੇ ਨੇੜਲੇ ਪਿੰਡ ਬਾਕਰਪੁਰ ਦੇ ਵਸਨੀਕ ਕਰਮ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਦਾ ਇਕ ਸੁਪਰਡੈਂਟ ਅਤੇ ਸੇਵਾਦਾਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤੇ ਗਏ ਸੀ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਵਕੀਲ ਅਤੇ ਵਿਜੀਲੈਂਸ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਮਾਡਾ ਦੇ ਸੀਨੀਅਰ ਅਸਿਸਟੈਂਟ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਉਣ ਦਾ ਫੈਸਲਾ 6 ਜੂਨ ਤੱਕ ਰਾਖਵਾਂ ਰੱਖ ਲਿਆ ਹੈ। ਦੋਸ਼ੀ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
ਇਸ ਸਬੰਧੀ ਪੀੜਤ ਕਰਮ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਨਰਾਇਣਗੜ੍ਹ ਝੁੰਗੀਆਂ ਤਹਿਸੀਲ ਡੇਰਾਬੱਸੀ ਵਿੱਚ ਗਮਾਡਾ ਵੱਲੋਂ ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਉਸ ਦੀ ਜ਼ਮੀਨ ਵੀ ਐਕਵਾਇਰ ਹੋਈ ਸੀ। ਇਸ ਉਪਰੰਤ ਲੈਂਡ ਪੁਲਿੰਗ ਸਕੀਮ ਤਹਿਤ ਐਰੋਸਿਟੀ ਵਿੱਚ ਪਲਾਟ ਲੈਣ ਲਈ ਕਰਮ ਸਿੰਘ ਸਮੇਤ ਕੁੱਝ ਹੋਰ ਮਾਲਕਾਂ ਵੱਲੋਂ ਆਪੋ-ਆਪਣੇ ਸਹਿਮਤੀ ਪੱਤਰ ਗਮਾਡਾ ਨੂੰ ਦਿੱਤੇ ਸੀ। ਜਿਸ ਤਹਿਤ ਗਮਾਡਾ ਵੱਲੋਂ ਮਾਲਕਾਂ ਨੂੰ 500 ਵਰਗ ਗਜ਼ ਦੇ ਰਿਹਾਇਸ਼ੀ ਅਤੇ 60 ਵਰਗ ਗਜ਼ ਦੇ ਵਪਾਰਕ ਪਲਾਟ ਦੇਣੇ ਸਨ। ਇਸ ਸਬੰਧੀ ਭੂਮੀ ਮਾਲਕਾਂ ਨੇ ਪਲਾਟਾਂ ਦੀ ਸੰਯੁਕਤ ਪ੍ਰਵਾਨਗੀ ਪੱਤਰ (ਐਲ.ਓ) ਹਾਸਲ ਕਰਨ ਸਬੰਧੀ ਕਰਮ ਸਿੰਘ ਨੂੰ ਪੈਰਵਾਈ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੋਈ ਸੀ। ਇਸ ਕੇਸ ਨੂੰ ਗਮਾਡਾ ਦਾ ਸੀਨੀਅਰ ਅਸਿਸਟੈਂਟ ਕਿਰਨਪਾਲ ਕਟਾਰੀਆ ਡੀਲ ਕਰ ਰਿਹਾ ਸੀ।
(ਬਾਕਸ ਆਈਟਮ)
ਦੋਸ਼ੀ ਨੇ ਪੀੜਤ ਕਿਸਾਨ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਹੋਣ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਇਸ ਉੱਤੇ ਕਈ ਸੀਨੀਅਰ ਅਫ਼ਸਰਾਂ ਵੱਲੋਂ ਇਤਰਾਜ਼ ਵੀ ਲਾਏ ਜਾ ਸਕਦੇ ਹਨ ਅਤੇ ਜੇਕਰ ਉਹ ਆਪਣਾ ਕੰਮ ਜਲਦੀ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਨੂੰ 2 ਲੱਖ ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ। ਇਸ ਤਰ੍ਹਾਂ ਉਨ੍ਹਾਂ ਦਾ ਕੰਮ ਬਹੁਤ ਜਲਦੀ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਹੋ ਜਾਵੇਗਾ। ਬਾਅਦ ਵਿੱਚ ਉਨ੍ਹਾਂ ਦਾ 1 ਲੱਖ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਅਤੇ ਪਹਿਲੀ ਕਿਸ਼ਤ ਵਜੋਂ ਉਸ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਕਿਰਨਪਾਲ ਕਟਾਰੀਆ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 23 ਜੂਨ 2017 ਨੂੰ ਸ਼ਿਕਾਇਤ ਕਰਤਾ ਕੋਲੋਂ 50 ਹਜ਼ਾਰ ਰੁਪਏ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…