ਨਕਸ਼ਾ ਪਾਲਿਸੀ ਵਿੱਚ ਸੋਧ ਕਰਕੇ ਚਾਰ ਮੰਜ਼ਲਾਂ ਬਣਾਉਣ ਦੀ ਇਜਾਜ਼ਤ ਦੇਵੇ ਗਮਾਡਾ: ਕੁਲਜੀਤ ਬੇਦੀ

ਪਾਰਕਿੰਗ ਦੀ ਸਮੱਸਿਆ ਦੂਰ ਕਰਨ ਲਈ ਗਰਾਊਂਡ ਫਲੋਰ ’ਤੇ ਸਟਿਲਟ ਪਾਰਕਿੰਗ ਕੀਤੀ ਜਾਵੇ ਲਾਜ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਮੁਹਾਲੀ ਦੇ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਸਕੱਤਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਵਿੱਚ ਨਕਸ਼ੇ ਬਣਾਉਣ ਦੀ ਪ੍ਰਣਾਲੀ ਵਿੱਚ ਸੋਧ ਕੀਤੀ ਜਾਵੇ। ਆਪਣੇ ਪੱਤਰ ਵਿੱਚ ਸ੍ਰੀ ਬੇਦੀ ਨੇ ਕਿਹਾ ਕਿ ਸ਼ਹਿਰਾਂ ਵਿਚ ਵਾਹਨਾਂ ਦੀ ਗਿਣਤੀ ਵਧਣ ਦੇ ਨਾਲ ਪਾਰਕਿੰਗ ਦੀ ਬਹੁਤ ਭਾਰੀ ਸਮੱਸਿਆ ਖੜ੍ਹੀ ਹੋ ਰਹੀ ਹੈ। ਇਸ ਸਮੱਸਿਆ ਦੇ ਹੱਲ ਵਾਸਤੇ ਕਈ ਥਾਵਾਂ ’ਤੇ ਤਾਂ ਹਰਿਆਲੀ ਲਈ ਛੱਡੇ ਗਏ ਪਾਰਕਾਂ ਦੀ ਜਗ੍ਹਾ ਘਟਾ ਕੇ ਉਥੇ ਵਾਹਨਾਂ ਵਾਸਤੇ ਪਾਰਕਿੰਗ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਉਪਰਾਲਾ ਪਾਰਕਿੰਗ ਵਾਸਤੇ ਤਾਂ ਠੀਕ ਹੈ ਪਰ ਸ਼ਹਿਰ ਦੇ ਵਾਤਾਵਰਨ ਉੱਤੇ ਇਹ ਬੁਰਾ ਅਸਰ ਪਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਹੱਲ ਇਹ ਹੈ ਕਿ ਮੁਹਾਲੀ ਵਿੱਚ ਬਣਨ ਵਾਲੇ ਮਕਾਨਾਂ ਦੇ ਨਕਸ਼ੇ ਹੁਣ ਤਿੰਨ ਮੰਜ਼ਲ ਦੀ ਥਾਂ ਚਾਰ ਮੰਜ਼ਲ ਦੇ ਪਾਸ ਕੀਤੇ ਜਾਣ। ਗਰਾਊਂਡ ਫਲੋਰ ’ਤੇ ਸਟਿਲਟ ਪਾਰਕਿੰਗ ਹੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਸਟਮ ਦੇਸ਼ ਦੇ ਪ੍ਰਮੁੱਖ ਮੈਟਰੋ ਸ਼ਹਿਰਾਂ ਵਿਚ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਪੰਚਕੂਲਾ ਵਿੱਚ ਵੀ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਪੱਤਰ ਵਿਚ ਇਹ ਵੀ ਸੁਝਾਅ ਦਿੱਤਾ ਹੈ ਕਿ ਜੋ ਲੋਕ ਇਸ ਵਾਸਤੇ ਅੱਗੇ ਆਉਂਦੇ ਹਨ ਉਨ੍ਹਾਂ ਨੂੰ ਚਾਰ ਫਲੋਰਾਂ ਦੇ ਨਾਲ ਪੰਜਵੀਂ ਫਲੋਰ ਵੀ ਅੱਧੀ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲੋਕਾਂ ਵਿੱਚ ਉਤਸ਼ਾਹ ਹੋਵੇ ਅਤੇ ਇਸ ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਵਧੇ ਫੁਲੇਗਾ ਜਿਸ ਨਾਲ ਸਰਕਾਰ ਨੂੰ ਵਿੱਤੀ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਹਾਲੇ ਫਲੋਰ ਸਿਸਟਮ ਲਾਗੂ ਨਹੀਂ ਕੀਤਾ ਗਿਆ ਪਰ ਫੇਰ ਵੀ ਮੁਹਾਲੀ ਵਿੱਚ ਫਲੋਰ ਵਾਈਜ਼ ਮਕਾਨ ਵਿਕਣੇ ਸ਼ੁਰੂ ਹੋ ਚੁੱਕੇ ਹਨ। ਇਸ ਨਾਲ ਹੋਇਆ ਇਹ ਹੈ ਕਿ ਰਿਹਾਇਸ਼ੀ ਕੋਠੀਆਂ ਵਿਚ ਵੀ ਇਕ ਘਰ ਵਿਚ ਤਿੰਨ ਤਿੰਨ ਅਲੱਗ ਅਲੱਗ ਪਰਿਵਾਰ ਰਹਿਣ ਲੱਗ ਪਏ ਹਨ ਜਿਸ ਨਾਲ ਵੱਖਰੀਆਂ ਗੱਡੀਆਂ ਹੋਣ ਕਰਕੇ ਪਾਰਕਿੰਗ ਦੀ ਨਵੀਂ ਸਮੱਸਿਆ ਖੜ੍ਹੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਟਰਾਈਸਿਟੀ ਦਾ ਹਿੱਸਾ ਹੋਣ ਕਰਕੇ ਖਾਸ ਤੌਰ ’ਤੇ ਮੁਹਾਲੀ ਵਿੱਚ ਇਹ ਸਕੀਮ ਲਾਗੂ ਕਰ ਦਿੱਤੀ ਜਾਂਦੀ ਹੈ ਤਾਂ ਮੁਹਾਲੀ ਦੇ ਵਪਾਰ ਵਿੱਚ ਵਾਧਾ ਹੋਵੇਗਾ ਜਿਸ ਦਾ ਸਿੱਧਾ ਸਿੱਧਾ ਫਾਇਦਾ ਮੁਹਾਲੀ ਦੇ ਲੋਕਾਂ ਨੂੰ ਹੋਵੇਗਾ ਅਤੇ ਇਸ ਨਾਲ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਨਕਸ਼ਾ ਪਾਲਿਸੀ ਵਿਚ ਸੋਧ ਕੀਤੀ ਜਾਂਦੀ ਹੈ ਤਾਂ ਇਸ ਨਾਲ ਕਈ ਮਸਲੇ ਹੱਲ ਹੁੰਦੇ ਹਨ ਇਸ ਕਰਕੇ ਸਰਕਾਰ ਨੂੰ ਇਸ ਪਾਸੇ ਫੌਰੀ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕ ਹਿੱਤ ਦਾ ਹੈ ਅਤੇ ਪੰਜਾਬ ਸਰਕਾਰ ਲੋਕ ਹਿੱਤ ਵੱਲ ਧਿਆਨ ਦਿੰਦੇ ਹੋਏ ਤੁਰੰਤ ਇਸ ਪਾਲਿਸੀ ਨੂੰ ਲਾਗੂ ਕਰਨ ਬਾਰੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਮੁਹਾਲੀ ਬੜੀ ਤੇਜ਼ੀ ਨਾਲ ਵਿਕਸਿਤ ਹੁੰਦਾ ਪੰਜਾਬ ਦਾ ਅਹਿਮ ਸ਼ਹਿਰ ਹੈ ਅਤੇ ਇਸ ਨਾਲ ਮੁਹਾਲੀ ਵਿੱਚ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਹੋਣੀਆਂ ਬੰਦ ਹੋਣ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ਤੇ ਨਾਲ ਹੀ ਪਾਰਕਿੰਗ ਕਾਰਨ ਹੋਣ ਵਾਲੇ ਝਗੜਿਆਂ ਨੂੰ ਵੀ ਠੱਲ੍ਹ ਪਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …