ਸ਼ਹਿਰ ਦੇ ਐਂਟਰੀ ਪੁਆਇੰਟਾਂ ਅਤੇ ਪੁਲਾਂ ਦਾ ਨਵੀਨੀਕਰਨ ਕਰੇ ਗਮਾਡਾ: ਬੇਦੀ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਗਮਾਡਾ ਦੇ ਐਸਈ ਨਵੀਨ ਕੰਬੋਜ ਨੂੰ ਸੌਂਪਿਆਂ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 15 ਜਨਵਰੀ:
ਸ਼ਹਿਰ ਦੇ ਸਮੂਹ ਐਂਟਰੀ ਪੁਆਇੰਟਾਂ, ਗੋਲ ਚੱਕਰ (ਰਾਊਂਡ ਅਬਾਊਟ) ਅਤੇ ਪੁਲਾਂ ਦੇ ਨਵੀਨੀਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੌਜੂਦਾ ਸਮੇਂ ਵਿੱਚ ਇਹ ਥਾਵਾਂ ਬਦਸੂਰਤ ਬਣੀਆਂ ਹੋਈਆਂ ਹਨ ਅਤੇ ਗਰੀਨ ਬੈਲਟਾਂ ਦੀ ਹੋਂਦ ਮਿਟਦੀ ਜਾ ਰਹੀ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਐਸਈ ਨਵੀਨ ਕੰਬੋਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆਂ ਅਤੇ ਮੁਹਾਲੀ ਦੇ ਐਂਟਰੀ ਪੁਆਇੰਟਾਂ ਅਤੇ ਪੁਲਾਂ ਦਾ ਨਵੀਨੀਕਰਨ ਦੀ ਮੰਗ ਕੀਤੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਵੱਖ-ਵੱਖ ਐਂਟਰੀ ਪੁਆਇੰਟਾਂ, ਜਿਨ੍ਹਾਂ ਵਿੱਚ ਬਲੌਂਗੀ ਪੁਲ, ਪੰਜਾਬ ਸਕੂਲ ਸਿੱਖਿਆ ਬੋਰਡ ਫੇਜ਼-8 ਦੇ ਪਿੱਛੇ ਚੰਡੀਗੜ੍ਹ ਨੂੰ ਜੋੜਦੀ ਸੜਕ ’ਤੇ ਬਣਿਆ ਪੁਲ, ਪੀਸੀਏ ਸਟੇਡੀਅਮ ਨੇੜਲਾ ਪੁਲ ਅਤੇ ਨਾਈਪਰ ਸੜਕ ’ਤੇ ਪੈਂਦੇ ਪੁਲ ਕਾਫ਼ੀ ਪੁਰਾਣੇ ਅਤੇ ਖਸਤਾ ਹਾਲਤ ਵਿੱਚ ਹਨ। ਇੱਥੇ ਸੜਕਾਂ ਵੀ ਬਹੁਤ ਤੰਗ ਹਨ, ਜਿਸ ਕਾਰਨ ਟਰੈਫ਼ਿਕ ਸਮੱਸਿਆ ਤੋਂ ਸ਼ਹਿਰ ਵਾਸੀ ਅਤੇ ਰਾਹਗੀਰ ਕਾਫ਼ੀ ਅੌਖੇ ਹਨ। ਉਂਜ ਇਨ੍ਹਾਂ ਥਾਵਾਂ ਦਾ ਸਹੀ ਤਰੀਕੇ ਨਾਲ ਰੱਖ-ਰਖਾਓ ਨਾ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਬਲੌਂਗੀ ਪੁਲ ਕਾਫ਼ੀ ਨੀਵਾਂ ਹੈ ਅਤੇ ਦੋਵੇਂ ਪਾਸੇ ਫੋਰ ਲੇਨ ਸੜਕਾਂ ਪੁਲ ਨਾਲੋਂ ਉੱਚੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਸਾਰਾ ਗੰਦਾ ਪਾਣੀ ਪੁਲ ਉੱਤੇ ਉੱਥੇ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਸਬਾ ਬਲੌਂਗੀ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਇੱਥੋਂ ਦੇ ਲੋਕ ਆਪਣੇ ਕੰਮਾਂ ਕਾਰਾਂ ਲਈ ਸਾਈਕਲਾਂ ਅਤੇ ਸਕੂਟਰਾਂ ’ਤੇ ਜਾਂਦੇ ਹਨ। ਪੁਲ ’ਤੇ ਚਿੱਕੜ ਹੋਣ ਕਾਰਨ ਕੱਪੜੇ ਖ਼ਰਾਬ ਹੁੰਦੇ ਹਨ ਅਤੇ ਸ਼ਾਮ ਸਵੇਰੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਜਿਸ ਕਾਰਨ ਸਾਈਕਲ ਅਤੇ ਪੈਦਲ ਲੰਘਣਾ ਵੀ ਅੌਖਾ ਹੋ ਜਾਂਦਾ ਹੈ। ਇਹ ਪੁਲ ਨੈਸ਼ਨਲ ਹਾਈਵੇਅ ਨੂੰ ਜੋੜਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਲੌਂਗੀ ਪੁਲ ਨੂੰ ਉੱਪਰ ਚੁੱਕ ਕੇ ਨਵਾਂ ਤੇ ਚੌੜਾ ਬਣਾਇਆ ਜਾਵੇ।
ਇਸੇ ਤਰ੍ਹਾਂ ਡੀਸੀ ਦਫ਼ਤਰ ਦੇ ਬਿਲਕੁਲ ਨਾਲ ਲਾਂਡਰਾਂ ਵੱਲ ਨੂੰ ਜਾਣ ਵਾਲੀ ਸੜਕ ਉੱਤੇ ਲਖਨੌਰ ਟੀ-ਪੁਆਇੰਟ ਦੀ ਹਾਲਤ ਵੀ ਮਾੜੀ ਹੈ। ਇੱਥੇ ਹਮੇਸ਼ਾ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਥੇ ਟਰੈਫ਼ਿਕ ਲਾਈਟਾਂ ਦਾ ਬੰਦੋਬਸਤ ਜ਼ਰੂਰੀ ਹੈ। ਕਈ ਸਾਲਾਂ ਤੋਂ ਮੁਹਾਲੀ ਦੇ ਲੋਕ ਇਹ ਮੰਗ ਚੁੱਕਦੇ ਆ ਰਹੇ ਹਨ ਪਰ ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਸਾਰੇ ਮੁੱਢਲੇ ਕੰਮ ਗਮਾਡਾ ਅਧੀਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮੁਹਾਲੀ ਦਾ ਵਿਸਥਾਰ ਹੋ ਰਿਹਾ ਹੈ, ਓਵੇਂ-ਓਵੇਂ ਟਰੈਫ਼ਿਕ ਸਮੱਸਿਆ ਵੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਸਿਰਫ਼ ਪ੍ਰਾਪਰਟੀ ਡੀਲਰ ਬਣ ਕੇ ਪਲਾਟ ਵੇਚਣ ਵਾਲਾ ਅਦਾਰਾ ਬਣ ਕੇ ਰਹਿ ਗਿਆ ਹੈ ਜਦੋਂਕਿ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ।
ਇਸ ਮੌਕੇ ਗਮਾਡਾ ਦੇ ਐਸਈ ਨਵੀਨ ਕੰਬੋਜ ਨੇ ਡਿਪਟੀ ਮੇਅਰ ਕੁਲਜੀਤ ਬੇਦੀ ਦੀ ਮੰਗ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਇਸ ਸਬੰਧੀ ਸਰਵੇ ਕਰਵਾਇਆ ਜਾਵੇਗਾ ਅਤੇ ਸਰਵੇ ਰਿਪੋਰਟ ਦੇ ਆਧਾਰ ’ਤੇ ਅਸਟੀਮੈਟ ਤਿਆਰ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਪਰੋਕਤ ਮਸਲਿਆਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਗਮਾਡਾ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿੱਚ ਗੋਲ ਚੌਕ ਅਤੇ ਸੜਕਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਚੋਣਾਂ: ਵੋਟਰ ਸੂਚੀ ’ਚੋਂ ਕਰਨਲ ਡੀਪੀ ਸਿੰਘ ਦੇ ਪਰਿਵਾਰ ਤੇ ਗੁਆਂਢੀਆਂ ਦੀਆਂ ਵੋਟਾਂ ਗਾਇਬ

ਗੁਰਦੁਆਰਾ ਚੋਣਾਂ: ਵੋਟਰ ਸੂਚੀ ’ਚੋਂ ਕਰਨਲ ਡੀਪੀ ਸਿੰਘ ਦੇ ਪਰਿਵਾਰ ਤੇ ਗੁਆਂਢੀਆਂ ਦੀਆਂ ਵੋਟਾਂ ਗਾਇਬ ਜ਼ਿਲ੍ਹਾ…