ਗਮਾਡਾ ਵੱਲੋਂ ਐਰੋਸਿਟੀ ਐਕਸਟੈਂਸ਼ਨ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਗਮਾਡਾ ਵੱਲੋਂ ਮੁਹਾਲੀ ਵਿੱਚ ਐਰੋਸਿਟੀ ਐਕਸਟੈਂਸ਼ਨ ਲਈ 5300 ਏਕੜ ਜਮੀਨ ਐਕਵਾਇਰ ਕਰਨ ਲਈ ਪਿੰਡਾਂ ਵਿੱਚ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਵਿਰੋਧ ਵਿੱਚ ਕਿਸਾਨ ਅਤੇ ਜਮੀਨ ਮਾਲਿਕ ਇੱਕਜੁਟ ਹੋ ਗਏ ਹਨ ਅਤੇ ਪਿੰਡਾਂ ਵਿੱਚ ਜਾ ਰਹੀਆਂ ਟੀਮਾਂ (ਜਿਹਨਾਂ ਵਿੱਚ ਗਮਾਡਾ ਅਤੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀ ਸ਼ਾਮਲ ਹਨ) ਦਾ ਪਿੰਡਾਂ ਦੇ ਕਿਸਾਨਾਂ ਅਤੇ ਜਮੀਨ ਮਾਲਕਾਂ ਵਲੋੱ ਡਟਵਾਂ ਵਿਰੋਧ ਕਰਦਿਆਂ ਆਪਣੀਆਂ ਜਮੀਨਾਂ ਐਕਵਾਇਰ ਕਰਨ ਦੀ ਸਰਕਾਰ ਦੀ ਕਾਰਵਾਈ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਅੱਜ ਵੱਖ ਵੱਖ ਪਿੰਡਾਂ ਪੱਤੋਂ, ਕੁਰੜੀ, ਸਿਆਉਂ, ਮਟਰਾਂ, ਚਾਊਮਾਜਰਾ, ਸੈਣੀਮਾਜਰਾ ਆਦਿ ਵਿੱਚ ਕਿਸਾਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਗਮਾਡਾ ਵੱਲੋਂ ਨਾਦਰਸ਼ਾਹੀ ਨੀਤੀ ਤਹਿਤ ਕਿਸਾਨਾਂ ਦੀਆਂ ਮੰਗਾਂ ਨੂੰ ਛਿੱਕੇ ਟੰਗ ਕੇ ਅਤੇ ਗਮਾਡਾ ਦੇ ਹਿੱਤਾਂ ਤਹਿਤ ਲੈਂਡ ਪੁਲਿੰਗ ਅਤੇ ਨਕਦ ਮੁਆਵਜੇ ਦੀਆਂ ਨੀਤੀਆਂ ਦੀ ਰਚਨਾ ਕਰਕੇ ਕਿਸਾਨਾਂ ਨਾਲ ਨਾ ਸਿਰਫ ਧੋਖਾਧੜੀ ਕੀਤੀ ਜਾ ਰਹੀ ਹੈ ਬਲਕਿ ਕਿਸਾਨਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਆਪਣੀਆਂ ਜਾਇਜ਼ ਮੰਗਾਂ ਬਾਰੇ ਮੁੱਖ ਪ੍ਰਸ਼ਾਸ਼ਕ ਗਮਾਡਾ, ਵਧੀਕ ਮੁੱਖ ਸਕੱਤਰ ਸ਼ਹਿਰੀ ਵਿਕਾਸ, ਵਧੀਕ ਮੁੱਖ ਪ੍ਰਸਾਸਕ ਗਮਾਡਾ ਅਤੇ ਭੋਂ ਪ੍ਰਾਪਤੀ ਕੂਲੈਕਟਰ ਨੂੰ ਲਿਖਤੀ ਅਤੇ ਨਿੱਜੀ ਤੌਰ ’ਤੇ ਮਿਲ ਕੇ ਜਾਣਕਾਰੀ ਦਿੱਤੀ ਗਈ ਹੈ ਪੰੰਤੂ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਦੀ ਥਾਂ ਤੇ ਗਮਾਡਾ ਵੱਲੋਂ ਆਪਣੇ ਅੜੀਅਲ ਵਤੀਰੇ ਤਹਿਤ ਜ਼ਮੀਨ ਐਕਵਾਇਰ ਕਰਨ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਲਜਾਮ ਲਗਾਇਆ ਕਿ ਗਮਾਡਾ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਰਹੀ ਬਲਕਿ ਸਿਰਫ਼ ਆਪਣੇ ਲਾਭ ਨੂੰ ਮੁੱਖ ਰੱਖਿਆ ਜਾ ਰਿਹਾ ਹੈ ਜਿਵੇਂ ਕਿ ਗਮਾਡਾ ਵੱਲੋਂ ਪਹਿਲਾਂ ਵੀ ਕੀਤਾ ਜਾਂਦਾ ਰਿਹਾ ਹੈ।
ਉਹਨਾਂ ਕਿਹਾ ਕਿ ਗਾਮਾਡਾ ਦੀਆਂ ਇਹਨਾਂ ਕਾਰਵਾਈਆਂ ਕਾਰਨ ਕਿਸਾਨਾਂ ਵਿੱਚ ਰੋਸ ਵੱਧ ਰਿਹਾ ਹੈ ਅਤੇ ਐਰੋਸਿਟੀ ਐਕਸਟੈਂਸ਼ਨ ਲਈ ਅਕਵਾਇਰ ਕਰਨ ਵਾਲੀ ਜਮੀਨ ਬਾਰੇ ਵੀ ਗਮਾਡਾ ਵੱਲੋਂ ਕਿਸਾਨਾਂ ਨਾਲ ਧੋਖਾ ਕਰਨ ਦਾ ਸੰਕਾ ਪੈਦਾ ਹੋ ਰਿਹਾ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ ਧਰਨਿਆਂ ਦੌਰਾਨ ਸਰਵਸ੍ਰੀ ਛੱਜਾ ਸਿੰਘ ਕੁਰੜੀ, ਬਹਾਲ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਕਰਨ ਸਿੰਘ, ਹਰਮੇਸ਼ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਸਿੰਘ ਕੰਬਾਲੀ, ਪ੍ਰਿਤਪਾਲ ਸਿੰਘ, ਗੁਰਜੀਤ ਸਿੰਘ, ਸਤਿੰਦਰ ਸਿੰਘ, ਗੁਰਚਰਨ ਸਿੰਘ, ਜਗਦੀਸ਼ ਸਿੰਘ, ਸੁੱਚਾ ਸਿੰਘ, ਦੀਦਾਰ ਸਿੰਘ, ਭਜਨ ਸਿੰਘ, ਮੁਖਤਿਆਰ ਸਿੰਘ, ਪਿਆਰਾ ਸਿੰਘ, ਬਲਵੰਤ ਸਿੰਘ, ਬਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਵੀਰ ਸਿੰਘ, ਮੁਖਵਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਜ਼ਮੀਨ ਮਾਲਿਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਦਸਵੀਂ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਦਸਵੀਂ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, …