ਗਮਾਡਾ ਦੀ ਟੀਮ ਨੇ ਸੈਕਟਰ-71 ਵਿੱਚ ਘਰਾਂ ਅੱਗੇ ਲੱਗੀ ਰੇਲਿੰਗ ਤੇ ਜੰਗਲੇ ਤੋੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਸਥਾਨਕ ਸੈਕਟਰ-71 ਵਿੱਚ ਗਮਾਡਾ ਦੀ ਟੀਮ ਵੱਲੋਂ ਗਮਾਡਾ ਦੇ ਸੁਰੱਖਿਆ ਅਮਲੇ ਅਤੇ ਮਟੌਰ ਪੁਲੀਸ ਦੀ ਸਹਾਇਤਾ ਨਾਲ ਅੱਜ ਘਰਾਂ ਅੱਗੇ ਲੱਗੇ ਜੰਗਲੇ ਅਤੇ ਰੇਲਿੰਗ ਉਤਾਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਕਾਰਵਾਈ ਸ਼ਾਮ ਤੱਕ ਜਾਰੀ ਰਹੀ। ਇਸ ਦੌਰਾਨ ਕਰੀਬ 300 ਘਰਾਂ ਦੇ ਅੱਗੇ ਫੁੱਲ ਬੂਟਿਆਂ ਨੂੰ ਤਹਿਸ ਨਹਿਸ ਕੀਤਾ ਗਿਆ। ਜਾਣਕਾਰੀ ਅਨੁਸਾਰ ਗਮਾਡਾ ਦੀ ਟੀਮ ਵੱਲੋਂ ਐਸਡੀਓ ਪੰਕਜ ਮੈਣੀ ਅਤੇ ਰਣਧੀਰ ਸਿੰਘ ਦੀ ਅਗਵਾਈ ਵਿਚ ਅੱਜ ਸਵੇਰੇ ਸੈਕਟਰ-71 ਦੀ ਕੋਠੀ ਨੰਬਰ-1 ਤੋਂ ਘਰਾਂ ਅੱਗੇ ਲੱਗੇ ਜੰਗਲੇ ਅਤੇ ਰੇਲਿੰਗ ਨੂੰ ਜੇ ਸੀ ਬੀ ਮਸ਼ੀਨ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜਦੋਂ ਗਮਾਡਾ ਦੀ ਟੀਮ ਨੇ ਇਹ ਮੁਹਿੰਮ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਵਲੋੱ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਗਮਾਡਾ ਅਧਿਕਾਰੀਆਂ ਵਲੋੱ ਉਹਨਾਂ ਲੋਕਾਂ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਕਰਨ ਬਾਰੇ ਜਾਣਕਾਰੀ ਦੇ ਕੇ ਸ਼ਾਂਤ ਕੀਤਾ ਗਿਆ।
ਇਸ ਕਾਰਵਾਈ ਵੇਲੇ ਗਮਾਡਾ ਦੀ ਟੀਮ ਦੇ ਨਾਲ ਗਮਾਡਾ ਦਾ ਸੁਰਖਿਆ ਅਮਲਾ ਅਤੇ ਮਟੌਰ ਥਾਣੇ ਦੀ ਪੁਲੀਸ ਵੀ ਮੌਜੂਦ ਰਹੀ। ਗਮਾਡਾ ਦੀ ਟੀਮ ਵਿਚ ਸ਼ਾਮਲ ਇਕ ਕਰਮਚਾਰੀ ਨੇ ਦਸਿਆ ਕਿ ਹਾਈਕੋਰਟ ਦੇ ਹੁਕਮਾਂ ਤਹਿਤ ਘਰਾਂ ਦੇ ਅੱਗੇ ਲੱਗੇ ਜੰਗਲੇ ਅਤੇ ਰੇਲਿੰਗ ਹਟਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਇਸ ਸੰਬੰਧੀ ਇੱਕ ਵਿਅਕਤੀ ਵਲੋੱ ਹਾਈਕੋਰਟ ਵਿਚ ਪਾਈ ਪਟੀਸ਼ਨ ਉਪਰ ਫੈਸਲਾ ਦਿੰਦਿਆਂ ਹਾਈਕੋਰਟ ਨੇ ਹੀ ਘਰਾਂ ਦੇ ਅੱਗੇ ਲੱਗੇ ਜੰਗਲੇ ਅਤੇ ਰੇਲਿੰਗ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਹਾਈਕੋਰਟ ਵਿਚ ਇਸ ਸਬੰਧੀ ਪਾਈ ਗਈ ਕੰਟੈਪਟ ਪਟੀਸ਼ਨ ਵਿੱਚ ਗਮਾਡਾ ਦੇ ਸੀਏ ਨੂੰ ਪਾਰਟੀ ਬਣਾਇਆ ਗਿਆ ਹੈ। ਗਮਾਡਾ ਅਧਿਕਾਰੀਆਂ ਨੇ ਇਸ ਸਬੰਧੀ ਹਾਈਕੋਰਟ ਵਿੱਚ ਜਵਾਬ ਦੇਣ ਲਈ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਇਸ ਮੌਕੇ ਮੌਜੂਦ ਇਲਾਕਾ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਗਮਾਡਾ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਗਮਾਡਾ ਨੂੰ ਇਹ ਕਾਰਵਾਈ ਕਰਨ ਤੋੱ ਇਕ ਹਫਤਾ ਪਹਿਲਾਂ ਲੋਕਾਂ ਨੂੰ ਨੋਟਿਸ ਦੇਣੇ ਚਾਹੀਦੇ ਸਨ ਤਾਂ ਕਿ ਲੋਕ ਖੁਦ ਹੀ ਇਹਨਾਂ ਰੇਲਿੰਗਾਂ ਤੇ ਜੰਗਲੇ ਨੁੰ ਹਟਾ ਦਿੰਦੇ ਪਰ ਹੁਣ ਗਮਾਡਾ ਵਲੋੱ ਜੇ ਸੀ ਬੀ ਮਸ਼ੀਨ ਨਾਲ ਜੰਗਲੇ ਅਤੇ ਰੇਲਿੰਗ ਹਟਾਉਣ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਘਰਾਂ ਦੇ ਨਾਲ ਜਿਹੜੀ ਖਾਲੀ ਥਾਂ ਪਈ ਹੈ, ਉਥੇ ਗਮਾਡਾ ਵਲੋੱ ਸਾਫ ਸਫਾਈ ਕਰਨ ਦੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਾਂਦੇ ਜਿਸ ਕਰਕੇ ਉਥੇ ਗੰਦਗੀ ਫੈਲ ਜਾਂਦੀ ਹੈ ਜੇ ਲੋਕ ਖ਼ੁਦ ਰੇਲਿੰਗ ਲਗਾ ਕੇ ਇਸ ਤਰ੍ਹਾਂ ਦੀ ਖਾਲੀ ਥਾਂ ਵਿਚ ਸਫਾਈ ਰਖਦੇ ਹਨ ਤਾਂ ਗਮਾਡਾ ਇਹਨਾਂ ਰੇਲਿੰਗਾਂ ਨੂੰ ਹੀ ਤੋੜ ਦਿੰਦਾ ਹੈ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀਆਂ ਵੱਲੋਂ ਇਸ ਤਰਾਂ ਦੀ ਕਾਰਵਾਈ ਕਰਨ ਦੇ ਮਾਮਲੇ ਵਿਚ ਸੈਕਟਰ-71 ਦੇ ਵਸਨੀਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜੇ ਗਮਾਡਾ ਨੇ ਅਜਿਹੀ ਕੋਈ ਕਾਰਵਾਈ ਸ਼ੁਰੂ ਕਰਨੀ ਸੀ ਤਾਂ ਉਸ ਨੂੰ ਇਹ ਕਾਰਵਾਈ ਇਕ ਫੇਜ਼ ਤੋੱ ਸ਼ੁਰੂ ਕਰਨੀ ਚਾਹੀਦੀ ਸੀ ਪਰ ਗਮਾਡਾ ਵਲੋੱ ਸਿਰਫ ਸੈਕਟਰ-71 ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ।
ਇਸ ਮੌਕੇ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਗਮਾਡਾ ਦੀ ਕਾਰਵਾਈ ਸਿਰਫ ਸੈਕਟਰ-71 ਵਿਚ ਹੀ ਹੁੰਦੀ ਹੈ ਤੇ ਗਮਾਡਾ ਨੇ ਇਹ ਸੈਕਟਰ ਖੰਡਰ ਬਣਾ ਕੇ ਰੱਖ ਦਿੱਤਾ ਹੈ। ਅੱਜ ਵੀ ਸਿਰਫ ਆਮ ਲੋਕਾਂ ਦੇ ਘਰਾਂ ਉਪਰ ਹੀ ਕਾਰਵਾਈ ਕੀਤੀ ਗਈ ਹੈ ਅਤੇ ਅਫਸਰਾਂ ਦੇ ਘਰਾਂ ਅੱਗੇ ਲੱਗੀ ਰੇਲਿੰਗ ਨੂੰ ਛੇੜਿਆ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲਾਂ ਲੋਕਾਂ ਨੂੰ 5 ਫੁੱਟ ਪਿੱਛੇ ਹਟ ਕੇ ਰੇਲਿੰਗ ਅਤੇ ਜੰਗਲੇ ਲਗਾ ਕੇ ਫੁੱਲ ਬੂਟੇ ਲਗਾਉਣ ਦੀ ਆਗਿਆ ਸੀ ਲੇਕਿਲ ਹੁਣ ਇਹ ਕਾਰਵਾਈ ਕਰਨ ਤੋਂ ਪਹਿਲਾਂ ਗਮਾਡਾ ਨੇ ਸੈਕਟਰ ਵਾਸੀਆਂ ਨੂੰ ਨੋਟਿਸ ਵੀ ਨਹੀਂ ਦਿੱਤਾ ਹੈ। ਸ੍ਰੀ ਚੰਨਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦੀ ਹੀ ਮੇਅਰ ਨਾਲ ਮੁਲਾਕਾਤ ਕਰਕੇ ਲੋਕਾਂ ਦੇ ਘਰਾਂ ਅੱਗੇ ਪੇਵਰ ਬਲਾਕ ਲਗਾਉਣ ਦੀ ਅਪੀਲ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…