
ਗਮਾਡਾ ਨੇ ਡਿਫਾਲਟਰ ਫਰਮਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ, ਦੋ ਸਾਈਟਾਂ ਰੱਦ ਕੀਤੀਆਂ
ਅਥਾਰਟੀ ਨੇ ਲੋਕਾਂ ਨੂੰ ਡਿਫਾਲਟਰਾਂ ਦੇ ਪ੍ਰਾਜੈਕਟਾਂ ਵਿੱਚ ਜਾਇਦਾਦ ਨਾ ਖਰੀਦਣ ਦੀ ਦਿੱਤੀ ਸਲਾਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਅਥਾਰਟੀ) ਨੇ ਦੋ ਡਿਫਾਲਟਰ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਅਲਾਟਮੈਂਟ ਮੁੰਢੋਂ ਰੱਦ ਕਰ ਦਿੱਤੀ ਹੈ, ਕਿਉਂਕਿ ਖਰੀਦੀਆਂ ਗਈਆਂ ਸਾਈਟਾਂ ਦੀ ਪੂਰੀ ਕੀਮਤ ਜਮ੍ਹਾਂ ਕਰਵਾਉਣ ਵਿੱਚ ਇਹ ਦੋਵੇਂ ਕੰਪਨੀਆਂ ਅਸਫਲ ਰਹੀਆਂ ਸਨ। ਇਹ ਕਾਰਵਾਈ ਪੰਜਾਬ ਰਿਜ਼ਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਦੇ ਉਪਬੰਧਾਂ ਤਹਿਤ ਕੀਤੀ ਗਈ ਹੈ।
ਗਮਾਡਾ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2015 ਵਿੱਚ ਮੈਸਰਜ਼ ਐਮਬੀ ਇਨਫਰਾ ਬਿਲਡਰ ਪ੍ਰਾਈਵੇਟ ਲਿਮਟਿਡ ਨੇ ਨਿਲਾਮੀ ਵਿੱਚ ਗਰੁੱਪ ਹਾਊਸਿੰਗ ਦੇ ਮੰਤਵ ਦੀ ਇੱਕ ਸਾਈਟ 133.19 ਕਰੋੜ ਰੁਪਏ ਵਿੱਚ ਖਰੀਦੀ ਸੀ। ਇਹ ਸਾਈਟ ਜਿਸ ਦਾ ਏਰੀਆ 7.123 ਏਕੜ ਹੈ, ਸੈਕਟਰ-65 ਵਿੱਚ ਸਥਿਤ ਹੈ। ਕੰਪਨੀ ਨੇ ਇਸ ਸਾਈਟ ’ਤੇ ਫਲੈਟ/ਅਪਾਰਟਮੈਂਟ ਬਣਾਏ ਹਨ ਅਤੇ ਪ੍ਰਾਜੈਕਟ ਦਾ ਨਾਮ ਬੇਵਰਲੀ ਗੋਲਫ ਐਵੇਨਿਊ ਰੱਖਿਆ ਗਿਆ ਹੈ। ਕੰਪਨੀ ਵੱਲੋਂ ਬੋਲੀ ਦੀ ਕੀਮਤ ਦੀ 20 ਫੀਸਦੀ ਰਕਮ ਜਮ੍ਹਾਂ ਕਰਾਈ ਗਈ, ਜਿਸ ਤੋਂ ਬਾਅਦ ਨਿਲਾਮੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦੇ ਹੋਏ, ਕੰਪਨੀ ਨੂੰ ਅਲਾਟਮੈਂਟ ਪੱਤਰ ਜਾਰੀ ਕੀਤਾ ਗਿਆ। ਪ੍ਰੰਤੂ ਕੰਪਨੀ ਸ਼ਡਿਊਲ ਅਨੁਸਾਰ ਬਕਾਇਆ ਰਕਮ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹੀ, ਜਿਸ ਕਾਰਨ ਗਮਾਡਾ ਨੇ ਸਾਈਟ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਕੰਪਨੀ ਵੱਲ ਗਮਾਡਾ ਦੇ ਲਗਭਗ 80 ਕਰੋੜ ਰੁਪਏ ਬਕਾਇਆ ਹਨ।
ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਮੈਸਰਜ਼ ਡਬਲਿਊ.ਟੀ.ਸੀ ਨੋਇਡਾ ਡਿਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਿਟਡ, ਮੈਸਰਜ਼ ਡਬਲਿਊ.ਟੀ.ਸੀ. ਚੰਡੀਗੜ੍ਹ ਡਿਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਿਟਡ ਅਤੇ ਮੈਸਰਜ਼ ਏਰਿਕਾ ਫਰੈਕਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਐਰੋਸਿਟੀ ਵਿੱਚ ਸਥਿਤ ਵਪਾਰਕ ਚੰਕ ਸਾਈਟ ਨੰਬਰ 2 ਕਰੀਬ ਅੱਠ ਸਾਲਿ ਪਹਿਲਾਂ 2015 ਵਿੱਚ ਹੋਈ ਨਿਲਾਮੀ ਵਿੱਚ ਖਰੀਦੀ ਗਈ ਸੀ। ਇਹ ਸਾਈਟ 8 ਏਕੜ ਵਿੱਚ ਫੈਲੀ ਹੋਈ ਹੈ। ਜਿਸ ਲਈ ਕੰਪਨੀ ਨੇ 131.33 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਪ੍ਰੰਤੂ ਇਹ ਕੰਪਨੀ ਵੀ ਅਲਾਟਮੈਂਟ ਪੱਤਰ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਬਣਦੀ ਰਕਮ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹੀ ਹੈ। ਇਸ ਲਈ ਗਮਾਡਾ ਨੇ ਕੰਪਨੀ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਕੰਪਨੀ ਵੱਲੋਂ ਗਮਾਡਾ ਨੂੰ ਕਰੀਬ 103 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਣਾ ਸੀ। ਗਮਾਡਾ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਇਨ੍ਹਾਂ ਦੋਵੇਂ ਪ੍ਰਾਜੈਕਟਾਂ ਵਿੱਚ ਕੋਈ ਵੀ ਜਾਇਦਾਦ ਨਾ ਖਰੀਦਣ ਦੀ ਸਲਾਹ ਦਿੱਤੀ ਹੈ।