
ਫੇਜ਼-2 ਵਿੱਚ ਗਮਾਡਾ ਦੀ ਖਾਲੀ ਪਈ 2 ਏਕੜ ਥਾਂ ਨਸ਼ੇੜੀਆਂ ਦਾ ਅੱਡਾ ਬਣੀ, ਲੋਕ ਅੌਖੇ
ਸ਼ਰਾਰਤੀ ਅਨਸਰਾਂ ਨੇ ਚਾਰਦੀਵਾਰੀ ਤੋੜੀ, ਰਾਤ ਸਮੇਂ ਖਾਲੀ ਜ਼ਮੀਨ ਵਿੱਚ ਖੜਦੇ ਨੇ ਵਾਹਨ ਤੇ ਰੇਹੜੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇੱਥੋਂ ਦੇ ਫੇਜ਼-2 ਸਥਿਤ ਐਚਆਈਜੀ ਮਕਾਨਾਂ ਦੇ ਨਾਲ ਖਾਲੀ ਪਈ ਗਮਾਡਾ ਦੀ 2 ਏਕੜ ਰਕਬਾ ਕਥਿਤ ਤੌਰ ’ਤੇ ਨਸ਼ੇੜੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਅੱਡਾ ਬਣਨ ਕਾਰਨ ਰਿਹਾਇਸ਼ੀ ਖੇਤਰ ਦੇ ਲੋਕ ਬਹੁਤ ਅੌਖੇ ਹਨ। ਲੇਕਿਨ ਪੁਲੀਸ, ਗਮਾਡਾ ਜਾਂ ਨਗਰ ਨਿਗਮ ਇਸ ਗੱਲੋਂ ਬਿਲਕੁਲ ਬੇਖ਼ਬਰ ਹਨ। ਰੈਜ਼ੀਡੈਂਟ ਵੈੱਲਫੇਅਰ ਐਚਆਈਜੀ ਕੰਪਲੈਕਸ ਫੇਜ਼-2 ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਚਾਰਦੀਵਾਰੀ ਤੋੜ ਦਿੱਤੀ ਹੈ। ਜਿਸ ਕਾਰਨ ਐਚਆਈਜੀ ਮਕਾਨਾਂ ਵਿੱਚ ਰਹਿੰਦੇ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਦਨਪੁਰ ਨਾਲ ਲੱਗਦਾ ਇਹ ਰਕਬਾ ਗਮਾਡਾ ਦੀ ਮਲਕੀਅਤ ਹੈ ਅਤੇ ਇਸ ਦੇ ਆਲੇ ਦੁਆਲੇ ਚਾਰਦੀਵਾਰੀ ਕੀਤੀ ਗਈ ਸੀ ਪਰ ਕੁੱਝ ਸਮਾਂ ਪਹਿਲਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਚਾਰਦੀਵਾਰੀ ਤੋੜ ਦਿੱਤੀ ਹੈ ਅਤੇ ਮੌਜੂਦਾ ਸਮੇਂ ਇਹ ਜ਼ਮੀਨ ਨਸ਼ੇੜੀਆਂ ਦਾ ਅੱਡਾ ਬਣ ਗਈ ਹੈ।
ਇਸ ਥਾਂ ’ਤੇ ਹਰ ਸਮੇਂ ਸ਼ੱਕੀ ਕਿਸਮ ਦੇ ਵਿਅਕਤੀ ਘੁੰਮਦੇ ਰਹਿੰਦੇ ਹਨ, ਜਿਨ੍ਹਾਂ ’ਤੇ ਲੋਕਾਂ ਨੇ ਉਨ੍ਹਾਂ ਦੇ ਘਰਾਂ ਦੀ ਰੇਕੀ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਇਸ ਖੇਤਰ ਬੇਸੁਮਾਰ ਗੰਦਗੀ ਦੀ ਭਰਮਾਰ ਹੈ ਅਤੇ ਤੇਜ਼ ਹਵਾ ਚੱਲਣ ਕਾਰਨ ਗੰਦਗੀ ਦੇ ਢੇਰ ਤੋਂ ਉੱਠਦੀ ਬਦਬੂ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਖਾਲੀ ਥਾਂ ਵਿੱਚ ਗੰਦਗੀ ਅਤੇ ਮੱਖੀ ਮੱਛਰ ਕਾਰਨ ਬੀਮਾਰੀ ਫੈਲਣ ਦਾ ਵੀ ਖ਼ਤਰਾ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਮੀਤ ਸਿੰਘ ਗੁਜਰਾਲ ਅਤੇ ਕੈਸ਼ੀਅਰ ਓਂਕਾਰ ਮਲਹੋਤਰਾ ਨੇ ਕਿਹਾ ਕਿ ਇਸ ਥਾਂ ’ਤੇ ਮਦਨਪੁਰਾ ਦੇ ਲੋਕ ਮੱਝਾਂ ਗਾਵਾਂ ਦਾ ਗੋਹਾ, ਕੂੜਾ ਅਤੇ ਹੋਰ ਗੰਦਗੀ ਸੁੱਟਦੇ ਹਨ। ਇਹੀ ਨਹੀਂ ਮੁਰਗਿਆਂ ਅਤੇ ਮੀਟ ਦੀ ਰਹਿੰਦ ਖੰੂਹਦ ਵੀ ਸੁੱਟੀ ਜਾ ਰਹੀ ਹੈ। ਜਿਸ ਕਾਰਨ ਆਵਾਰਾ ਕੁੱਤਿਆਂ ਦੀ ਪੂਰੀ ਦਹਿਸ਼ਤ ਹੈ। ਉਨ੍ਹਾਂ ਕਿਹਾ ਕਿ ਰਾਤ ਵੇਲੇ ਕੁਝ ਲੋਕ ਇੱਥੇ ਆਪਣੀਆਂ ਰੇਹੜੀਆਂ ਖੜੀਆਂ ਕਰਕੇ ਗਾਇਬ ਹੋ ਜਾਂਦੇ ਹਨ ਅਤੇ ਕੁੱਝ ਸ਼ਰਾਰਤੀ ਅਨਸਰ ਰਾਤ ਨੂੰ ਆਪਣੇ ਵਾਹਨ ਖੜੇ ਕਰ ਕੇ ਖਾਰੂ ਪਾਉਂਦੇ ਹਨ। ਜਿਸ ਕਾਰਨ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਜ਼ਮੀਨ ਦੇ ਆਲੇ ਦੁਆਲੇ ਮਜ਼ਬੂਤ ਚਾਰਦੀਵਾਰੀ ਕੀਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਐਚਐਸ ਪੱਡਾ, ਸਰਵੇਸ਼ ਗੁਪਤਾ, ਮਨਜੋਤ ਕੌਰ ਭੁੱਲਰ ਅਤੇ ਹੋਰ ਪਤਵੰਤੇ ਹਾਜ਼ਰ ਸਨ।