
ਪਰਾਲੀ ਨਾ ਸਾੜਨ ਬਾਰੇ ਗੋਦਰੇਜ ਕੰਪਨੀ ਨੇ ਕੀਤਾ ਕਿਸਾਨਾਂ ਨੂੰ ਜਾਗਰੂਕ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਕਤੂਬਰ:
ਗੋਦਰੇਜ ਕੰਪਨੀ ਵੱਲੋਂ ਕਿਸਾਨਾਂ ਨੂੰ ਧਾਨ ਦੀ ਰਹਿੰਦ ਖੂੰਹਦ ਨਾ ਸਾੜਨ ਤੇ ਆਪਣੇ ਖੇਤਾਂ ਵਿੱਚ ਖੜੀ ਪਰਾਲੀ ਨੂੰ ਹੋਰ ਵਰਤੋਂ ਵਿੱਚ ਲਿਆਉਣ ਲਈ ਜਾਗਰੂਕ ਕੀਤਾ ਗਿਆ । ਇਸ ਮੌਕੇ ਬਲਵਿੰਦਰ ਸਿੰਘ ਡਾਇਰੈਕਟਰ ਸਹਿਕਾਰੀ ਬੈਂਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਨੋਂ ਦਿਨੀਂ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉ ਲਈ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚੋਂ ਧਾਨ ਦੀ ਰਹਿੰਦ ਖੂੰਹਦ ਨੂੰ ਜਲਾਉਣ ਤੇ ਪੂਰਨ ਰੋਕ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਧਾਨ ਦੀ ਰਹਿੰਦ ਖੂੰਹਦ ਨੂੰ ਹੋਰ ਕੰਮਾਂ ਵਿੱਚ ਲਿਆਉਣ ਬਾਰੇ ਜਾਗਰੂਕ ਕਰਨ ਲਈ ਗੋਦਰੇਜ ਕੰਪਨੀ ਨਾਲ ਸਮਝੋਤਾ ਕੀਤਾ ਹੈ।
ਬੀਤੇ ਦਿਨ ਗੋਦਰੇਜ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਰਕੋਲੀ ਅਤੇ ਝਿੰਗੜਾਂ ਦੇ ਕਿਸਾਨਾਂ ਨੂੰ ਖੇਤਾਂ ’ਚੋਂ ਧਾਨ ਦੀ ਰਹਿੰਦ ਖੂੰਹਦ ਨੂੰ ਜਲਾਉਣ ਤੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਨਾਲ ਹੀ ਕਿਸਾਨਾਂ ਦੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ ਅਤੇ ਜਿਸ ਨਾਲ ਫਸਲਾਂ ਦਾ ਝਾੜ ਵੀ ਘਟਦਾ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਰੋਟਾਵੇਟਰ ਅਤੇ ਚੌਪਰ ਦੀ ਸਹਾਇਤਾ ਨਾਲ ਦੋਵੇਂ ਪਿੰਡਾਂ ਵਿੱਚ ਲਗਭਗ 25 ਖੇਤਾਂ ’ਚੋਂ ਧਾਨ ਦੀ ਰਹਿੰਦ ਖੂੰਹਦ ਦੀ ਸਫਾਈ ਕੀਤੀ ’ਤੇ ਅੱਗੇ ਲਈ ਇਸੇ ਤਕਨੀਕ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ’ਤੇ ਕਿਸਾਨਾਂ ਦੇ ਮਿੱਤਰ ਕੀੜਿਆਂ ਨੂੰ ਮਰਨ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਸਰਬਜੀਤ ਸਿੰਘ ਚੈੜੀਆਂ, ਜਰਨੈਲ ਸਿੰਘ ਰਕੋਲੀ, ਕੁਲਵਿੰਦਰ ਸਿੰਘ ਸਰਪੰਚ ਰਕੋਲੀ, ਬਲਵਿੰਦਰ ਸਿੰਘ ਕਾਲਾ, ਰੁਲਦਾ ਸਿੰਘ, ਜਸਵੀਰ ਸਿੰਘ, ਰਾਮ ਸਿੰਘ, ਰਵਿੰਦਰ ਸਿੰਘ ਪੱਪੀ, ਗੁਰਤਾਜ ਸਿੰਘ, ਰਣਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।