ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਯਾਤਰੀ ਕੋਲੋਂ 5 ਕਰੋੜ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਬਰਾਮਦ

ਯਾਤਰੀ ਕੋਲੋਂ ਬਰਾਮਦ ਕਰੋੜਾਂ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਸੋਹਾਣਾ ਥਾਣੇ ਵਿੱਚ ਜਮ੍ਹਾ ਕਰਵਾਏ: ਐਸਐਚਓ ਬੱਲ

ਯਾਤਰੀ ਕੋਲੋਂ ਆਮਦਨ ਕਰ ਵਿਭਾਗ ਵੱਲੋਂ ਪੁੱਛਗਿੱਛ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਹੋਣ ਨਾਲ ਸੋਨੇ ਦੀ ਤਸਕਰੀ ਅਤੇ ਹਵਾਲਾ ਰਾਸੀ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ। ਹੁਣ ਤੱਕ ਵੱਖ ਵੱਖ ਯਾਤਰੀਆਂ ਕੋਲੋਂ ਵੱਡੀ ਗਿਣਤੀ ਵਿੱਚ ਨਗਦੀ ਅਤੇ ਸੋਨਾ ਬਰਾਮਦ ਕੀਤਾ ਜਾ ਚੁੱਕਾ ਹੈ। ਅੱਜ ਵੀ ਮੁਹਾਲੀ ਹਵਾਈ ਅੱਡੇ ’ਤੇ ਇੱਕ ਯਾਤਰੀ ਮਨੀਸ਼ ਬਾਂਡੀ ਵਾਸੀ ਗੰਗਾ ਵਿਹਾਰ, ਮੁੰਬਈ ਕੋਲੋਂ ਪੁਲੀਸ ਨੇ ਪੌਣੇ 5 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਬਰਾਮਦ ਕੀਤੇ ਹਨ। ਏਅਰਪੋਰਟ ਪੁਲੀਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਉਪਲਬਧੀ ਹੈ। ਇਸ ਤੋਂ ਪਹਿਲਾਂ ਬੀਤੀ 14 ਦਸੰਬਰ ਨੂੰ ਇੱਕ ਯਾਤਰੀ ਸੰਦੀਪ ਡਾਗਰ ਵਾਸੀ ਪਟੇਲ ਨਗਰ, ਗੁੜਗਾਓ (ਹਰਿਆਣਾ) ਕੋਲੋਂ 22 ਲੱਖ ਰੁਪਏ ਬਰਾਮਦ ਕੀਤੇ ਗਏ ਸੀ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਏਅਰਪੋਰਟ ਥਾਣੇ ਦੇ ਐਸਐਚਓ ਇੰਸਪੈਕਟਰ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਯਾਤਰੀ ਵੱਡੀ ਮਾਤਰਾ ਵਿੱਚ ਸੋਨੇ ਅਤੇ ਹੀਰਿਆਂ ਦੇ ਗਹਿਣੇ ਲੈ ਕੇ ਮੁਹਾਲੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਤਰੀ ਮਨੀਸ਼ ਬਾਂਡੀ ਐਤਵਾਰ ਨੂੰ ਦਿੱਲੀ ਤੋਂ ਮੁਹਾਲੀ ਹਵਾਈ ਅੱਡੇ ’ਤੇ ਆਇਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਦੀਆਂ 75 ਨਗ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰੀ ਨੇ ਸਵੇਰੇ 7:55 ਵਜੇ ਵਾਲੀ ਫਲਾਈਟ ਵਿੱਚ ਆਉਣਾ ਸੀ ਪ੍ਰੰਤੂ ਸਵੇਰੇ ਖਰਾਬ ਮੌਸਮ ਤੇ ਧੁੰਦ ਕਾਰਨ ਫਲਾਈਟ ਲੇਟ ਹੋ ਗਈ। ਇਸ ਤਰ੍ਹਾਂ ਇਹ ਯਾਤਰੀ ਦੁਪਹਿਰ ਕਰੀਬ ਡੇਢ ਵਜੇ ਮੁਹਾਲੀ ਹਵਾਈ ਅੱਡੇ ’ਤੇ ਉੱਤਰਿਆ ਸੀ। ਪੁਲੀਸ ਅਨੁਸਾਰ ਯਾਤਰੀ ਸੋਨੇ ਦੇ ਗਹਿਣਿਆਂ ਬਾਰੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਉਸ ਕੋਲ ਗਹਿਣਿਆਂ ਸਬੰਧੀ ਲੋੜੀਂਦੇ ਦਸਤਾਵੇਜ਼ ਮੌਜੂਦ ਸਨ।
ਐਸਐਚਓ ਸ੍ਰੀ ਬੱਲ ਨੇ ਦੱਸਿਆ ਕਿ ਯਾਤਰੀ ਕੋਲੋਂ ਸੋਨੇ ਤੇ ਹੀਰੇ ਦੀਆਂ 74 ਅੰਗੂਠੀਆਂ, 27 ਹਾਰਾਂ ਦੇ ਸੈੱਟ, 27 ਕੰਨਾਂ ਦੀਆਂ ਵਾਲੀਆਂ ਤੇ ਝੁਮਕਿਆਂ ਦੇ ਸੈੱਟ ਸਮੇਤ ਹੋਰ ਗਹਿਣੇ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਯਾਤਰੀ ਕੋਲੋਂ ਬਰਾਮਦ ਸੋਨੇ ਬਾਰੇ ਆਮਦਨ ਕਰ ਵਿਭਾਗ ਨੂੰ ਇਤਲਾਹ ਭੇਜੀ ਗਈ ਅਤੇ ਸੂਚਨਾ ਮਿਲਦੇ ਹੀ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀ ਤੁਰੰਤ ਏਅਰਪੋਰਟ ’ਤੇ ਪਹੁੰਚ ਗਏ ਅਤੇ ਯਾਤਰੀ ਕੋਲੋਂ ਕਾਫੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯਾਤਰੀ ਕੋਲੋਂ ਬਰਾਮਦ ਸੋਨਾ ਸੋਹਾਣਾ ਥਾਣੇ ਦੇ ਮਾਲਖਾਨੇ ਵਿੱਚ ਜਮ੍ਹਾ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …