
ਘਰ ਦੇ ਬਾਹਰ ਸੈਰ ਕਰ ਰਹੀ ਲੜਕੀ ਤੋਂ ਸੋਨੇ ਦੀ ਚੈਨ ਖੋਹੀ
ਰਾਹਗੀਰ ਵੱਲੋਂ ਲੁਟੇਰੇ ਨੂੰ ਜੱਫਾ ਮਾਰ ਕੇ ਜ਼ਮੀਨ ’ਤੇ ਸੁੱਟਣ ਦੀ ਕੋਸ਼ਿਸ਼, ਦੋਵੇਂ ਮੁਲਜ਼ਮ ਫਰਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਸਟਰੀਟ ਕਰਾਈਮ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਮੁਹਾਲੀ ਵਿੱਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਦੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਪੁਲੀਸ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਨ ਵਿੱਚ ਲੱਗੀ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਲੁਟੇਰਿਆਂ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇੱਥੋਂ ਦੇ ਫੇਜ਼-3ਬੀ1 ਸਥਿਤ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਘਰ ਦੇ ਬਾਹਰ ਸੈਰ ਕਰ ਰਹੀ ਲੜਕੀ ਜਪਜੀਤ ਕੌਰ ਪੁੱਤਰੀ ਪਰਮਜੀਤ ਸਿੰਘ ਤੋਂ ਸੋਨੇ ਦੀ ਚੈਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਮੁਹੱਲੇ ਵਿੱਚ ਲੱਗੇ ਤਿੰਨ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸਮਾਜ ਸੇਵੀ ਅਮਿਤ ਮਰਵਾਹਾ ਨੇ ਦੱਸਿਆ ਕਿ ਪੀੜਤ ਜਪਜੀਤ ਕੌਰ ਅਤੇ ਉਸ ਦੀ ਬੇਟੀ ਆਸ਼ਨਾ ਮਰਵਾਹਾ ਸਵੇਰੇ ਕਰੀਬ ਸਾਢੇ 7 ਵਜੇ ਮੁਹੱਲੇ ਵਿੱਚ ਘਰ ਬਾਹਰ ਸੜਕ ’ਤੇ ਸੈਰ ਕਰ ਰਹੀਆਂ ਸਨ। ਇਸ ਦੌਰਾਨ ਕਾਲੇ ਰੰਗ ਦੇ ਪਲਸਰ ਮੋਟਰ ਸਾਈਕਲ ’ਤੇ ਦੋ ਨੌਜਵਾਨ ਆਏ। ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਲਾਇਆ ਹੋਇਆ ਸੀ। ਇਨ੍ਹਾਂ ’ਚੋਂ ਇਕ ਨੌਜਵਾਨ ਨੇ ਜਪਜੀਤ ਦੇ ਗਲੇ ’ਚੋਂ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਿਆ। ਇਸ ਦੌਰਾਨ ਸਾਹਮਣੇ ਆ ਰਹੇ ਇਕ ਨੌਜਵਾਨ ਅਦਿੱਤਿਆ ਮਹਾਜਨ ਨੇ ਲੁਟੇਰੇ ਨੂੰ ਜੱਫਾ ਮਾਰ ਲਿਆ ਅਤੇ ਉਸ ਨੂੰ ਫੜ ਦੀ ਕੋਸ਼ਿਸ਼ ਕੀਤੀ ਲੇਕਿਨ ਲੁਟੇਰਾ ਉਸ ਤੋਂ ਛੱੁਟ ਕੇ ਭੱਜ ਗਿਆ। ਅਦਿੱਤਿਆ ਵੀ ਉਸ ਦੇ ਪਿੱਛੇ ਭੱਜਿਆ ਅਤੇ ਲੁਟੇਰੇ ਨੂੰ ਪਿੱਛੋਂ ਜੱਫਾ ਮਾਰ ਕੇ ਜ਼ਮੀਨ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਏਨੇ ਵਿੱਚ ਉਹ ਆਪਣੇ ਦੂਜੇ ਸਾਥੀ ਦੀ ਮਦਦ ਨਾਲ ਮੋਟਰ ਸਾਈਕਲ ’ਤੇ ਬੈਠ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਮਟੌਰ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ।
ਉਧਰ, ਸੂਚਨਾ ਮਿਲਦੇ ਹੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣੇ ਕਾਰਜਕਾਰੀ ਐਸਐਚਓ ਅਮਨਦੀਪ ਸਿੰਘ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਪੀਸੀਆਰ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਤ ਲੜਕੀ ਤੋਂ ਪੁੱਛਗਿੱਛ ਕੀਤੀ ਗਈ। ਕਾਰਜਕਾਰੀ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਚੈਨ ਸਨੈਚਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।