
ਪੀਟੀਯੂ ਇੰਟਰ ਕਾਲਜ ਟੂਰਨਾਮੈਂਟ ਦੌਰਾਨ ਸੀਜੀਸੀ ਵਿਦਿਆਰਥੀਆਂ ਨੇ ਜਿੱਤੇ 87 ਸੋਨ ਤਮਗ਼ੇ
ਟੂਰਨਾਮੈਂਟ ਦੌਰਾਨ ਜੇਤੂ ਸੀਜੀਸੀਅਨਾਂ ਨੂੰ ਦਿੱਤੀ ਇੱਕ ਲੱਖ ਦੀ ਸਕਾਲਰਸ਼ਿਪ
ਜੀਐਨਈ ਲੁਧਿਆਣਾ ਅਤੇ ਡੈਵੀਟ ਜਲੰਧਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਕੀਤਾ ਹਾਸਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਚੰਡੀਗੜ੍ਹ ਇੰਜੀਨਿਅਰਿੰਗ ਕਾਲਜ ਸੀਜੀਸੀ ਲਾਂਡਰਾ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਵਲੋਂ ਆਈਕੇਜੀਪੀਟੀਯੂ ਇੰਟਰ ਕਾਲਜ ਟੂਰਨਾਮੈਂਟ (ਪੁਰਸ਼ ਅਤੇ ਮਹਿਲਾ) 2018-19 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸੀਜੀਸੀਅਨਾਂ ਨੇ 87 ਸੋਨੇ, 45 ਚਾਂਦੀ ਅਤੇ 32 ਕਾਂਸੀ ਦੇ ਤਗ਼ਮਿਆਂ ’ਤੇ ਕਬਜ਼ਾ ਕਰਦਿਆਂ ਇਸ ਟੂਰਨਾਮੈਂਟ ਦੌਰਾਨ ਓਵਰਆਲ ਰਨਰਅੱਪ ਟਰਾਫ਼ੀ ’ਤੇ ਆਪਣੀ ਜਿੱਤ ਕਾਇਮ ਕੀਤੀ। ਇਸ ਤੋਂ ਇਲਾਵਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਇੱਕ ਲੱਖ ਦੀ ਸਕਾਲਰਸ਼ਿਪ ਵੀ ਦਿੱਤੀ ਗਈ। ਇਸ ਦੇ ਨਾਲ ਹੀ 30 ਦੇ ਕਰੀਬ ਹੋਰ ਵਿਦਿਆਰਥੀਆਂ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਂਡ ਨਾਰਥ ਜ਼ੋਨ ਇੰਟਰਵਰਸਿਟੀ ਟੂਰਨਾਮੈਂਟ 2018-19 ਵਿੱਚ ਹਿੱਸਾ ਲੈਣ ਲਈ ਸ਼ਾਰਟਲਿਸਟ ਵੀ ਕੀਤਾ ਗਿਆ। ਇਸ ਟੂਰਨਾਮੈਂਟ ਦੌਰਾਨ ਟੇਬਲ ਟੈਨਿਸ, ਚੈੱਸ, ਬੈਡਮਿੰਟਨ, ਬਾਸਕਿਟਬਾਲ, ਕਰਾਸ ਕੰਟਰੀ, ਹੈਂਡਬਾਲ, ਫੁੱਟਬਾਲ, ਵੇਟਲਿਫ਼ਟਿੰਗ, ਪਾਵਰਲਿਫ਼ਟਿੰਗ, ਬੈਸਟ ਫ਼ੀਜ਼ੀਕ, ਵਾਲੀਬਾਲ ਅਤੇ ਐਥਲੇਟਿਕਸ ਆਦਿ ਖੇਡਾਂ ਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਸਨ। ਇਸ ਮੌਕੇ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਲੁਧਿਆਣਾ ਵਲੋਂ ਓਵਰਆਲ ਟਰਾਫ਼ੀ ’ਤੇ ਕਬਜ਼ਾ ਕਰਦਿਆਂ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ ਗਿਆ ਜਦ ਕਿ ਡੈਵੀਟ ਜਲੰਧਰ ਨੇ ਸੈਕਿੰਡ ਰਨਰਅੱਪ ਸਥਾਨ ਹਾਸਲ ਕੀਤਾ।
ਸੀਜੀਸੀ ਲਾਂਡਰਾ ਦੇ ਖੇਡ ਅਧਿਕਾਰੀ ਕਮਲਦੀਪ ਸਿੰਘ ਨੇ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦੌਰਾਨ ਕੁੱਲ 18 ਵਿੱਚੋਂ ਵੱਖ-ਵੱਖ 12 ਕੈਟੇਗਰੀਆਂ ’ਚ ਲਗਨ ਅਤੇ ਮਿਹਨਤ ਨਾਲ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਅੰਤ ਵਿੱਚ ਚੰਡੀਗੜ ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀਆਂ ਬਾਸਕਿਟਬਾਲ ਕੈਪਟਨ ਜਸਮੀਤ ਕੌਰ, ਚੈੱਸ ਕੈਪਟਨ ਪ੍ਰਿੰਸਦੀਪ, ਨਿਸ਼ਾਂਤ (ਬੈਡਮਿੰਟਨ), ਸੋਮਿਲ ਸ਼ਰਮਾ (ਹੈਂਡਬਾਲ) ਅਤੇ ਹੋਰਨਾਂ ਨੇ ਆਪਣੀਆਂ ਟੀਮਾਂ ਦਾ ਹੌਂਸਲਾ ਵਧਾਇਆ।