Nabaz-e-punjab.com

ਸੁਨਹਿਰੀ ਮੌਕਾ: ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਵੈਬਸਾਈਟ ’ਤੇ ਅਪਲੋਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਅਤੇ ਸਕੂਲ ਬੋਰਡ ਦੀ ਗੋਲਡਨ ਜੁਬਲੀ ਦੀ ਦ੍ਰਿਸ਼ਟੀ ਵਿੱਚ ਮਾਰਚ 2004 ਅਤੇ ਉਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਅਪੀਅਰ ਹੋਣ ਦਾ ‘ਸੁਨਹਿਰੀ ਮੌਕਾ’ ਦੇਣ ਦੇ ਫੈਸਲੇ ਤਹਿਤ 22 ਅਕਤੂਬਰ ਤੋਂ ਆਰੰਭ ਹੋਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਬੋਰਡ ਨੇ ਸਬੰਧਤ ਵਿਦਿਆਰਥੀਆਂ ਦੇ ਰੋਲ ਨੰਬਰ ਅੱਜ ਆਪਣੀ ਵੈੱਬਸਾਈਟ www.pseb.c.in ਉੱਤੇ ਅਪਲੋਡ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਸਾਰੀਆਂ ਤਿਆਰੀਆਂ ਅਤੇ ਅਗਾਊਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ 22 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਪ੍ਰੀਖਿਆ ਅਮਲੇ ਦੀ ਤਾਇਨਾਤੀ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਹਰੇਕ ਪ੍ਰੀਖਿਆ ਕੇਂਦਰ ਵਿੱਚ ਇਕ ਸੁਪਰਡੈਂਟ, ਡਿਪਟੀ ਕੰਟਰੋਲ ਸਮੇਤ ਹੋਰ ਨਿਗਰਾਨ ਅਮਲਾ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਸ਼੍ਰੇਣੀ ਦੇ 954 ਅਤੇ ਬਾਰ੍ਹਵੀਂ ਸ਼ੇ੍ਰਣੀ ਨਾਲ ਸਬੰਧਤ 870 ਪ੍ਰੀਖਿਆਰਥੀ ਅਪੀਅਰ ਹੋਣਗੇ। ਇਨ੍ਹਾਂ ਪ੍ਰੀਖਿਆਰਥੀਆਂ ਨੂੰ ਆਪਣੀ ਕੰਪਾਰਟਮੈਂਟ ਕਲੀਅਰ ਕਰਨ ਅਤੇ ਡਵੀਜ਼ਨ ਸੁਧਾਰ ਵਿੱਚ ਸੁਧਰ ਲਿਆਉਣ ਦਾ ਅੰਤਿਮ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਇਹ ਉਹ ਪ੍ਰੀਖਿਆਰਥੀ ਹਨ, ਜਿਹੜੇ ਪਹਿਲੇ ਸਮਿਆਂ ਦੌਰਾਨ ਆਪਣੀ ਕੰਪਾਰਟਮੈਂਟ ਕਲੀਅਰ ਕਰਨ ਅਤੇ ਡਵੀਜ਼ਨ ਵਿੱਚ ਸੁਧਾਰ ਲਿਆਉਣ ਤੋਂ ਵਾਂਝੇ ਰਹਿ ਗਏ ਸੀ ਲੇਕਿਨ ਹੁਣ ਇਨ੍ਹਾਂ ਨੂੰ ਪ੍ਰਕਾਸ਼ ਪੁਰਬ ਅਤੇ ਬੋਰਡ ਦੀ ਗੋਲਡਨ ਜੁਬਲੀ ਦੀ ਖ਼ੁਸ਼ੀ ਵਿੱਚ ਇਹ ਮੌਕਾ ਪ੍ਰਦਾਨ ਕੀਤਾ ਗਿਆ ਹੈ।
ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਤੇ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਇਤਲਾਹ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਸਬੰਧੀ ਪੰਜਾਬ ਬੋਰਡ ਵੱਲੋਂ ਪ੍ਰੀਖਿਆਰਥੀਆਂ ਨੂੰ ਵੱਖਰੇ ਤੌਰ ’ਤੇ ਕੋਈ ਵੀ ਰੋਲ ਨੰਬਰ ਸਲਿੱਪ ਨਹੀਂ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦੇਣ ਸਬੰਧੀ ਫੀਸ ਜਮ੍ਹਾਂ ਕਰਵਾਈ ਗਈ ਹੋਵੇ ਪਰ ਰੋਲ ਨੰਬਰ ਸਲਿੱਪ ਸਕੂਲ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਨਹੀਂ ਹੋ ਰਹੀ ਹੋਵੇ ਜਾਂ ਰੋਲ ਨੰਬਰ ਦੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਕੋਈ ਤਰੁਟੀ ਪੇਸ਼ ਆਉਂਦੀ ਹੈ ਤਾਂ ਉਹ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 21 ਅਕਤੂਬਰ ਤੱਕ ਹਰ ਹਾਲਤ ਵਿੱਚ ਸਬੰਧਤ ਦਸਤਾਵੇਜ਼ ਅਤੇ ਫੀਸ ਜਮ੍ਹਾ ਕਰਵਾਉਣ ਦੇ ਸਬੂਤ ਲੈ ਕੇ ਸਿੱਖਿਆ ਬੋਰਡ ਦੇ ਫੇਜ਼-8 ਸਥਿਤ ਮੁੱਖ ਦਫ਼ਤਰ ਵਿੱਚ ਆ ਕੇ ਸਬੰਧਤ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।
(ਬਾਕਸ ਆਈਟਮ)
ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਦਸਵੀਂ ਪੱਧਰ ਦੇ 43 ਵੱਖੋ-ਵੱਖ ਵਿਸ਼ਿਆਂ ਦੇ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ 59 ਵਿਸ਼ਿਆਂ ਦੀਆ ਪ੍ਰੀਖਿਆਵਾਂ ਲਈਆਂ ਜਾਣੀਆਂ ਹਨ ਅਤੇ ਇਹ ਉਚੇਚਾ ਮੌਕਾ ਸਾਲ 2004 ਤੋਂ ਪੜ੍ਹਾਈ ਛੱਡ ਚੁੱਕੇ ਜਾਂ ਡਵੀਜ਼ਨ ਸੁਧਾਰ ਦੇ ਇੱਛੁਕਾਂ ਲਈ ਹੋਵੇਗਾ। ਜਿਸ ਨਾਲ ਖਾਸਕਰ ਪੇਂਡੂ ਤੇ ਪਛੜੇ ਇਲਾਕਿਆਂ ਦੇ ਲੋੜਵੰਦਾਂ ਨੂੰ ਸੁਨਹਿਰੀ ਮੌਕਾ ਪ੍ਰਾਪਤ ਹੋਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…