ਸੁਨਿਆਰਾ ਤੇ ਮੈਡੀਕਲ ਸਟੋਰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

380 ਗਰਾਮ ਸੋਨਾ, ਸਾਢੇ 4 ਕਿੱਲੋ ਚਾਂਦੀ, 1 ਲੱਖ ਰੁਪਏ ਦੀ ਨਗਦੀ ਤੇ 2 ਕਾਰਾਂ ਕੀਤੀਆਂ ਬਰਾਮਦ

ਮੁਲਜ਼ਮਾਂ ਕੋਲੋਂ .32 ਬੋਰ ਦਾ ਰਿਵਾਲਵਰ, 5 ਜਿੰਦਾ ਕਾਰਤੂਸ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ
ਮੁਹਾਲੀ ਪੁਲੀਸ ਨੇ ਲਾਂਡਰਾਂ ਵਿੱਚ ਸੁਨਿਆਰਾ ਅਤੇ ਸੋਹਾਣਾ ਵਿੱਚ ਮੈਡੀਕਲ ਸਟੋਰ ’ਤੇ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਹਰਦੀਪ ਸਿੰਘ ਉਰਫ਼ ਗਰੇਵਾਲ ਵਾਸੀ ਪਿੰਡ ਸ਼ੇਰਪੁਰ (ਸੰਗਰੂਰ), ਨੂਰਜੀਤ ਸਿੰਘ ਉਰਫ਼ ਨੂਰ ਅਤੇ ਜਗਜੀਤ ਸਿੰਘ ਉਰਫ਼ ਹੈਪੀ ਦੋਵੇਂ ਵਾਸੀ ਪਿੰਡ ਭਾਈ ਰੂਪਾ (ਬਠਿੰਡਾ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਰਿਵਾਲਵਰ ਤੇ 5 ਜਿੰਦਾ ਕਾਰਤੂਸਾਂ ਸਮੇਤ 380 ਗਰਾਮ ਸੋਨਾ, ਸਾਢੇ 4 ਕਿੱਲੋ ਚਾਂਦੀ, ਇੱਕ ਲੱਖ ਦੀ ਨਗਦੀ ਅਤੇ ਦੋ ਕਾਰਾਂ (ਚਿੱਟੇ ਰੰਗ ਦੀ ਆਈ-20 ਅਤੇ ਵਰਨਾ ਕਾਰ) ਬਰਾਮਦ ਕੀਤੀਆਂ ਗਈਆਂ ਹਨ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਬੀਤੀ 25 ਮਈ ਨੂੰ ਮੁਲਜ਼ਮਾਂ ਨੇ ਸੋਹਾਣਾ ਵਿੱਚ ਰਾਤ ਸਮੇਂ ਪਿਸਤੌਲ ਦਿਖਾ ਕੇ ਮਨੋਹਰ ਮੈਡੀਕਲ ਸਟੋਰ ਤੋਂ 40 ਹਜ਼ਾਰ ਰੁਪਏ ਲੁੱਟੇ ਸੀ। ਇੰਜ ਹੀ ਬੀਤੀ 11 ਜੂਨ ਨੂੰ ਲਾਂਡਰਾਂ ਮੇਨ ਬਾਜ਼ਾਰ ਵਿੱਚ ਪ੍ਰਵੀਨ ਜਿਊਲਰਜ਼ ਦੀ ਦੁਕਾਨ ’ਚੋਂ ਪ੍ਰਵੀਨ ਕੁਮਾਰ ਅਤੇ ਉਸ ਦੀ ਪਤਨੀ ਨੂੰ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਸੋਨਾ ਅਤੇ ਚਾਂਦੀ ਦੇ ਬੈਗ ਲੁੱਟੇ ਗਏ ਸੀ। ਇਨ੍ਹਾਂ ਦੋਵੇਂ ਮਾਮਲਿਆਂ ਸਬੰਧੀ ਧਾਰਾ 379ਬੀ, 34, 506 ਅਤੇ ਆਰਮਜ਼ ਐਕਟ ਤਹਿਤ ਸੋਹਾਣਾ ਥਾਣਾ ਵਿੱਚ ਕੇਸ ਦਰਜ ਕਰ ਕੇ ਡੀਐਸਪੀ (ਡੀ) ਕੁਲਜਿੰਦਰ ਸਿੰਘ, ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸ਼ਿਵ ਕੁਮਾਰ ਅਤੇ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ’ਤੇ ਆਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲੀਸ ਨੇ ਉਕਤ ਦੋਵੇਂ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਹਰਦੀਪ ਸਿੰਘ ਉਰਫ਼ ਗਰੇਵਾਲ ਵਾਸੀ ਪਿੰਡ ਸ਼ੇਰਪੁਰ (ਸੰਗਰੂਰ), ਨੂਰਜੀਤ ਸਿੰਘ ਉਰਫ਼ ਨੂਰ ਅਤੇ ਜਗਜੀਤ ਸਿੰਘ ਉਰਫ਼ ਹੈਪੀ ਦੋਵੇਂ ਵਾਸੀ ਪਿੰਡ ਭਾਈ ਰੂਪਾ (ਬਠਿੰਡਾ) ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 380 ਗਰਾਮ ਸੋਨਾ, 4 ਕਿੱਲੋ 500 ਗਰਾਮ ਚਾਂਦੀ, 1 ਲੱਖ ਰੁਪਏ ਭਾਰਤੀ ਕਰੰਸੀ, ਇੱਕ .32 ਬੋਰ ਦਾ ਰਿਵਾਲਵਰ, 5 ਜਿੰਦਾ ਕਾਰਤੂਸ ਅਤੇ ਚਿੱਟੇ ਰੰਗ ਇੱਕ ਵਰਨਾ ਕਾਰ ਅਤੇ ਇੱਕ ਆਈ-20 ਕਾਰ ਬਰਾਮਦ ਕੀਤੀ ਗਈ। ਮੁਲਜ਼ਮ ਹਰਦੀਪ ਸਿੰਘ ਖਰੜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਉਸ ਦੇ ਸਾਥੀ ਵੀ ਅਕਸਰ ਉਸ ਕੋਲ ਆਉਂਦੇ ਜਾਂਦੇ ਰਹਿੰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਨੌਜਵਾਨ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਿਸਤੌਲ ਦਿਖਾ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਪੁਲੀਸ ਅਨੁਸਾਰ ਪੱੁਛਗਿੱਛ ਦੌਰਾਨ ਲੁੱਟਾਂ-ਖੋਹਾਂ ਬਾਰੇ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…