Nabaz-e-punjab.com

ਖ਼ੁਸ਼ਖ਼ਬਰੀ: ਮੁਹਾਲੀ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੂੰ ਮਿਲੇਗੀ ਵੱਖਰੀ ਮਾਰਕੀਟ

ਗਮਾਡਾ ਨੇ ਸਟਰੀਟ ਵੈਂਡਰਾਂ ਲਈ ਮਾਰਕੀਟਾਂ ਵਿਕਸਤ ਕਰਨ ਲਈ 4-ਸਾਈਟਾਂ ਮੁਹਾਲੀ ਨਗਰ ਨਿਗਮ ਨੂੰ ਸੌਂਪੀਆਂ

ਕੇਵਲ ਸਟਰੀਟ ਵੈਂਡਰਾਂ ਲਈ ਮਾਰਕੀਟ ਬਣਾਉਣ ਲਈ ਹੀ ਵਰਤੀਆਂ ਜਾ ਸਕਣਗੀਆਂ ਇਹ ਸਾਈਟਾਂ: ਅਮਨ ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਨਾਜਾਇਜ਼ ਕਬਜ਼ੇ ਹਟਾਉਣ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਕਿਸੇ ਵਿਅਕਤੀ ਨੂੰ ਆਪਣੀ ਰੋਜ਼ੀ-ਰੋਟੀ ਤੋਂ ਮੁਥਾਜ ਨਾ ਹੋਣਾ ਪਵੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਰੇਹੜੀ-ਫੜ੍ਹੀ (ਸਟਰੀਟ ਵੈਂਡਰਾਂ) ਲਈ ਵੱਖਰੀ (ਡੈਡੀਕੇਟਿਡ) ਮਾਰਕੀਟ ਵਿਕਸਤ ਕਰਨ ਲਈ ਮੁਹਾਲੀ ਨਗਰ ਨਿਗਮ ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਗਈਆਂ ਹਨ, ਜਿਸ ਨਾਲ ਸਟਰੀਟ ਵੈਂਡਰਾਂ ਨੂੰ ਕੰਮ-ਕਾਜ ਅਤੇ ਲੋਕਾਂ ਨੂੰ ਖ਼ਰੀਦਦਾਰੀ ਕਰਨ ਵਿੱਚ ਸੌਖ ਹੋਵੇਗੀ।
ਇਹ ਮਹੱਤਵਪੂਰਨ ਕੰਮ ਆਪ ਵਿਧਾਇਕ ਕੁਲਵੰਤ ਸਿੰਘ ਯਤਨਾਂ ਸਦਕਾ ਨੇਪਰੇ ਚੜ੍ਹਿਆ ਹੈ। ਨਿਗਮ ਵੱਲੋਂ ਸ਼ਹਿਰ ਦੀਆਂ ਮਾਰਕੀਟਾਂ ’ਚੋਂ ਰੋਜ਼ਾਨਾ ਨਾਜਾਇਜ਼ ਰੇਹੜੀਆਂ-ਫੜੀਆਂ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਕਾਫ਼ੀ ਲੋਕਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਰੇਹੜੀ-ਫੜੀ ਵਾਲੇ ਬਾਗੋਬਾਗ ਹਨ, ਉੱਥੇ ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਰੇਹੜੀ-ਫੜੀ ਲੱਗਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਸੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਗਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ।
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾ ਕੇਵਲ ਇਨ੍ਹਾਂ ਸਟਰੀਟ ਵੈਂਡਰਾਂ ਨੂੰ ਕਾਰੋਬਾਰ ਲਈ ਇੱਕ ਸਮਰਪਿਤ ਜਗ੍ਹਾ ਮਿਲੇਗੀ ਬਲਕਿ ਗਾਹਕਾਂ ਨੂੰ ਵੀ ਇਕ ਸਥਾਨ ਉੱਤੇ ਖ਼ਰੀਦਦਾਰੀ ਕਰਨੀ ਸੌਖੀ ਹੋਵੇਗੀ। ਇਸ ਨਾਲ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਾਈਟਾਂ ਨਗਰ ਨਿਗਮ ਨੂੰ ਕੇਵਲ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕੀਟਾਂ ਵਿਕਸਤ ਕਰਨ ਲਈ ਮੁਫ਼ਤ ਵਿੱਚ ਸੌਂਪੀਆਂ ਗਈਆਂ ਹਨ।
ਅਮਨ ਅਰੋੜਾ ਨੇ ਦੱਸਿਆ ਕਿ ਇਹ ਚਾਰ ਥਾਵਾਂ ਸੈਕਟਰ-56 ਵਿੱਚ 3341.59 ਵਰਗ ਗਜ਼, ਸੈਕਟਰ-77 ਵਿੱਚ 2516.88 ਵਰਗ ਗਜ਼ ਤੇ 1873.14 ਵਰਗ ਗਜ਼, ਅਤੇ ਸੈਕਟਰ-78 ਵਿੱਚ 2588.24 ਵਰਗ ਗਜ਼ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਚੋਣ ਵੱਖ-ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਤੱਕ ਆਸਾਨ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਨਗਰ ਨਿਗਮ ਨੂੰ ਸਟਰੀਟ ਵੈਂਡਰਾਂ ਨੂੰ ਅਜਿਹੇ ਢੰਗ ਨਾਲ ਤਬਦੀਲ ਕਰਨ ਲਈ ਕਿਹਾ ਹੈ ਤਾਂ ਜੋ ਇਕ ਪਾਕੇਟ ਵਿੱਚ ਇਕੋ ਤਰ੍ਹਾਂ ਦੇ ਕੰਮ ਵਾਲੇ ਹੋਣ ਤਾਂ ਜੋ ਖਰੀਦਦਾਰਾਂ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਅਲਾਟ ਕੀਤੀਆਂ ਗਈਆਂ ਇਨ੍ਹਾਂ ਸਾਈਟਾਂ ਦੀ ਮਾਲਕੀ ਗਮਾਡਾ ਕੋਲ ਹੀ ਰਹੇਗੀ। ਭਵਿੱਖ ਵਿੱਚ ਨਗਰ ਨਿਗਮ ਜੇਕਰ ਇਨ੍ਹਾਂ ਥਾਵਾਂ ਤੋਂ ਸਟਰੀਟ ਵੈਂਡਰਾਂ ਨੂੰ ਕਿਤੇ ਹੋਰ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਗਮਾਡਾ ਇਨ੍ਹਾਂ ਸਾਈਟਾਂ ਦਾ ਕਬਜ਼ਾ ਵਾਪਸ ਲੈ ਸਕੇਗਾ। ਅਜਿਹੀ ਸਥਿਤੀ ਵਿੱਚ ਇਨ੍ਹਾਂ ਵੈਂਡਰ ਸਾਈਟਾਂ ਨੂੰ ਹੋਰ ਥਾਂ ਤਬਦੀਲ ਕਰਨ ਦਾ ਖਰਚਾ ਨਗਰ ਨਿਗਮ ਵੱਲੋਂ ਹੀ ਚੁੱਕਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …