
ਹੜ੍ਹ ਕਾਰਨ ਨੁਕਸਾਨੀ ਫਸਲ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਵੇ ਸਰਕਾਰ: ਬੱਬੀ ਬਾਦਲ
ਪਿਛਲੀ ਬਾਦਲ ਸਰਕਾਰ ’ਤੇ ਵੀ ਵਰ੍ਹੇ ਬੱਬੀ ਬਾਦਲ, ਕਿਹਾ 10 ਸਾਲਾਂ ’ਚ ਹੜ੍ਹਾਂ ਦੀ ਰੋਕਥਾਮ ਲਈ ਡੱਕਾ ਨਹੀਂ ਤੋੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਪੰਜਾਬ ਵਿੱਚ ਘੱਗਰ ਦਰਿਆ ਦੇ ਪਾਣੀ ਨਾਲ ਹੋਏ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਅਤੇ ਆਮ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਇਹ ਮੰਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਵੱਖ ਵੱਖ ਮੁੱਦਿਆਂ ’ਤੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਦੀ ਨਾਲਾਇਕੀ ਨਾਲ ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਆਮ ਲੋਕ ਅਤੇ ਪਸ਼ੂ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਉਨ੍ਹਾਂ ਪਿਛਲੀ ਬਾਦਲ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਡੱਕਾ ਨਹੀਂ ਤੋੜਿਆ।
ਸ੍ਰੀ ਬੱਬੀ ਬਾਦਲ ਨੇ ਪੰਜਾਬ ਦੇ ਇਕ ਮੰਤਰੀ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਕੋਈ ਫੰਡ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕੋਲ ਫੰਡ ਨਹੀਂ ਤਾਂ ਫਿਰ ਲੋਕਾਂ ਕੋਲੋਂ ਟੈਕਸ ਦੇ ਨਾਂ ’ਤੇ ਜਿਹੜਾ ਪੈਸਾ ਵਸੂਲਿਆ ਜਾਂਦਾ ਹੈ, ਉਹ ਕਿੱਥੇ ਹੈ? ਉਨ੍ਹਾਂ ਕਿਹਾ ਕਿ ਸਰਕਾਰ ਕੋਲ ਮੰਤਰੀਆਂ ਦੀਆਂ ਤਨਖ਼ਾਹਾਂ ਵਧਾਉਣ ਲਈ ਪੈਸੇ ਹਨ ਪਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਖਜਾਨਾ ਖਾਲੀ ਹੋਣ ਦੀ ਦੁਹਾਈ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ।
ਇਸ ਮੌਕੇ ਐਨਆਰਆਈ ਮਨਪ੍ਰੀਤ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਬਾਬਾ ਨਰਿੰਦਰ ਸਿੰਘ, ਸੋਮ ਪ੍ਰਕਾਸ਼ ਸਾਬਕਾ ਸਰਪੰਚ, ਗੁਰਮੁੱਖ ਸਿੰਘ ਬਹਿਲੋਲਪੁਰ, ਰਣਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਰਾਏਪੁਰ, ਜਗਤਾਰ ਸਿੰਘ ਘੜੂੰਆਂ, ਹਰਜੀਤ ਸਿੰਘ, ਜਸਵੰਤ ਸਿੰਘ ਠਸਕਾ, ਪਰਮਜੀਤ ਕੌਰ, ਭਾਗ ਸਿੰਘ ਮਨਾਣਾ, ਬਲਬੀਰ ਸਿੰਘ ਝਾਮਪੁਰ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਬੜਮਾਜਰਾ, ਵਿਨੋਦ ਕੁਮਾਰ ਬੜਮਾਜਰਾ, ਅਮਰਨਾਥ, ਮੁਖ਼ਤਿਆਰ ਸਿੰਘ ਹਾਜ਼ਰ ਸਨ।